ਜਲੰਧਰ (ਕਬੀਰ ਸੌਂਧੀ) : ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹੁਣ ਸੇਵਾ ਕੇਂਦਰਾਂ ਵਿੱਚ ਵੀ ਸਰਬੱਤ ਸਿਹਤ ਸੇਵਾ ਯੋਜਨਾ ਦੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀ ਪ੍ਰਤੀ ਕਾਰਡ 30 ਰੁਪਏ ਫੀਸ ਅਦਾ ਕਰ ਕੇ ਸੇਵਾ ਕੇਂਦਰ ਤੋਂ ਇਹ ਕਾਰਡ ਬਣਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਟਾਈਪ-1 ਸੇਵਾ ਕੇਂਦਰਾਂ ਵਿੱਚ ਇਹ ਸੇਵਾ 17 ਫਰਵਰੀ ਤੋਂ ਸ਼ੁਰੂ ਹੋ ਗਈ ਹੈ ਅਤੇ ਟਾਈਪ-2 ਸੇਵਾ ਕੇਂਦਰਾਂ ਵਿੱਚ 22 ਫਰਵਰੀ ਅਤੇ ਟਾਈਪ-3 ਸੇਵਾ ਕੇਂਦਰਾਂ ਵਿੱਚ 26 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਸਰਕਾਰੀ ਅਤੇ ਹਸਪਤਾਲਾਂ ਵਿਖੇ 5 ਲੱਖ ਰੁਪਏ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚਲੀਆਂ ਸਮੁੱਚੀਆਂ 13 ਸਰਕਾਰੀ ਸਿਹਤ ਸੰਸਥਾਵਾਂ ਅਤੇ 57 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਅਤੇ ਇਨ੍ਹਾਂ ਹਸਪਤਾਲਾਂ ਦੀ ਸੂਚੀ www.sha.punjab.gov.in ‘ਤੇ ਵੇਖੀ ਜਾ ਸਕਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਲਈ 1579 ਪੈਕੇਜ ਉਪਲੱਬਧ ਹਨ। ਇਨ੍ਹਾਂ ਵਿੱਚੋਂ 180 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਹਨ, ਜਿਨ੍ਹਾਂ ਵਿੱਚੋਂ 25 ਪੈਕੇਜ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫ਼ਰਯੋਗ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨਐਫਐਸਏ ਰਾਸ਼ਨ ਕਾਰਡ ਧਾਰਕ ਲਾਭਪਾਤਰੀ, ਉਸਾਰੀ ਕਿਰਤੀ, ਐਸਈਸੀਸੀ ਲਾਭਪਾਤਰੀ, ਛੋਟੇ ਵਪਾਰੀ, ਯੈਲੋ ਕਾਰਡ ਧਾਰਕ ਜਾਂ ਐਕਰੀਡੇਟਡ ਪੱਤਰਕਾਰ ਅਤੇ ਜੇ-ਫਾਰਮ ਧਾਰਕ ਕਿਸਾਨ ਇਸ ਯੋਜਨਾ ਅਧੀਨ ਯੋਗ ਹਨ ਅਤੇ ਲਾਭਪਾਤਰੀ sha.punjab.gov.in ‘ਤੇ ਆਪਣੀ ਯੋਗਤਾ ਚੈੱਕ ਕਰ ਸਕਦੇ ਹਨ। ਉਨ੍ਹਾਂ ਅਜਿਹੇ ਸਮੂਹ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਅਜੇ ਤੱਕ ਕਾਰਡ ਨਹੀਂ ਬਣਵਾਏ, ਉਹ ਆਪਣੇ ਕਾਰਡ ਬਿਨਾਂ ਕਿਸੇ ਦੇਰੀ ਤੋਂ ਬਣਵਾ ਲੈਣ।