ਤਰਨਤਾਰਨ, 04 ਜੁਲਾਈ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਵਲੋਂ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਰ ਸਵਾਰ ਇੱਕ ਵਿਅਕਤੀ ਨੂੰ 290 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਸਬ ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਆਈਪੀਐਸ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸ.ਪੀ (ਡੀ) ਤਰਨਤਾਰਨ ਵਿਸ਼ਾਲਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ ਅਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੇ ਏ.ਐਸ.ਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਘੋੜੇ ਵਾਲਾ ਚੌਕ ਚੋਹਲਾ ਸਾਹਿਬ ਮੌਜੂਦ ਸਨ।
ਇਸ ਦੌਰਾਨ ਸੂਚਨਾ ਮਿਲੀ ਕਿ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਸਵਰਨ ਸਿੰਘ ਵਾਸੀ ਮਰੜ ਰੋਡ ਹਰੀਕੇ ਹਾਲ ਵਾਸੀ ਤਰਨਤਾਰਨ ਜੋ ਕਿ ਹੈਰੋਇਨ ਵੇਚਣ ਅਤੇ ਖਰੀਦਣ ਦਾ ਧੰਦਾ ਕਰਦਾ ਹੈ,ਅੱਜ ਵੀ ਨੈਸ਼ਨਲ ਹਾਈਵੇ ‘ਤੇ ਲਿੰਕ ਰੋਡ ਰਾਹੀਂ ਵਾਇਆ ਗੰਡੀਵਿੰਡ ਪਿੰਡ ਰੂੜੀਵਾਲਾ ਨੂੰ ਆਪਣੀ ਕਾਰ ‘ਤੇ ਹੈਰੋਇਨ ਸਪਲਾਈ ਕਰਨ ਲਈ ਆ ਰਿਹਾ ਹੈ।ਪੁਲਿਸ ਪਾਰਟੀ ਵਲੋਂ ਤੁਰੰਤ ਨਾਕਾਬੰਦੀ ਕਰਕੇ ਚਿੱਟੇ ਰੰਗ ਦੀ ਕਾਰ ਆਈ-ਟਵੰਟੀ ਨੰਬਰ ਪੀਬੀ 46-ਪੀ 7980 ‘ਤੇ ਸਵਾਰ ਉੱਕਤ ਮੁਲਜ਼ਮ ਗੁਰਭੇਜ ਸਿੰਘ ਉਰਫ ਭੇਜਾ ਨੂੰ ਤਲਾਸ਼ੀ ਦੌਰਾਨ 290 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ। ਥਾਣਾ ਮੁਖੀ ਸਬ ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੇ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।