ਜਲੰਧਰ, 07 ਮਈ (ਕਬੀਰ ਸੌਂਧੀ) : ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਇਕ ਬਿਆਨ ਵਿਚ ਬੀਤੇ ਦਿਨੀਂ ਲੁਧਿਆਣੇ ‘ਚ ‘ਟਾਈਮਜ਼ ਨਾਓ’ ਟੀਵੀ ਚੈਨਲ ਦੀ ਰਿਪੋਰਟਰ ਭਾਵਨਾ ਕਿਸ਼ੋਰ, ਉਸ ਦੇ ਡਰਾਈਵਰ ਤੇ ਕੈਮਰਾਮੈਨ ਨੂੰ ਇਕ ਫਰਜ਼ੀ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਸਖਤ ਆਲੋਚਨਾ ਕਰਦਿਆਂ ਸਰਕਾਰ ਨੂੰ ਇਹ ਕੇਸ ਤੁਰੰਤ ਵਾਪਿਸ ਲੈਣ ਲਈ ਕਿਹਾ ਹੈ। ਸ੍ਰੀ ਮਾਣਕ ਨੇ ਇਸ ਘਟਨਾਕ੍ਰਮ ਸਬੰਧੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਉਸ ਦੀਆਂ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਮੀਡੀਆ ਪ੍ਰਤੀ ਅਸਿਹਣਸ਼ੀਲਤਾ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਹੜਾ ਵੀ ਮੀਡੀਆ ਅਦਾਰਾ ਤੇ ਪੱਤਰਕਾਰ ਆਜ਼ਾਦ ਅਤੇ ਨਿਰਪੱਖ ਰਹਿ ਕੇ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਕਤ ਟਾਈਮਜ਼ ਨਾਓ ਦੀ ਪੱਤਰਕਾਰ ਭਾਵਨਾ ਕਿਸ਼ੋਰ ਵੀ ਪੰਜਾਬ ਸਰਕਾਰ ਦੇ ਲੁਧਿਆਣੇ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਦੀ ਕਵਰੇਜ ਕਰਨ ਆਈ ਸੀ, ਜਿਸ ਸਬੰਧੀ ਬਾਕਾਇਦਾ ਟੀ. ਵੀ. ਚੈਨਲ ਨੂੰ ਸੱਦਾ ਵੀ ਦਿੱਤਾ ਗਿਆ ਸੀ ਪਰ ਕਿਉਂਕਿ ਟਾਈਮਜ਼ ਨਾਓ ਚੈਨਲ ਨੇ ਕੇਜਰੀਵਾਲ ਦੇ ਘਰ ‘ਤੇ ਖਰਚੇ ਗਏ 45 ਕਰੋੜ ਰੁਪਏ ਦੇ ਮਾਮਲੇ ਸਬੰਧੀ ਖਬਰ ਦੀ ਕਵਰੇਜ ਕੀਤੀ ਸੀ, ਇਸ ਲਈ ਉਕਤ ਰਿਪੋਰਟਰ ਨੂੰ ਫਰਜ਼ੀ ਕੇਸ ਵਿਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਇਸ ਵਿਰੁੱਧ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਹੈ ਅਤੇ ਸਰਕਾਰ ‘ਤੇ ਇਹ ਕੇਸ ਵਾਪਿਸ ਲੈਣ ਲਈ ਮੀਡੀਆ ਵਲੋਂ ਹੋਰ ਵੀ ਵਧੇਰੇ ਦਬਾਅ ਬਣਾ ਕੇ ਰੱਖਣਾ ਚਾਹੀਦਾ ਹੈ।