ਤਰਨਤਾਰਨ, 06 ਮਈ (ਰਾਕੇਸ਼ ਨਈਅਰ) : ਆਮ ਆਦਮੀ ਪਾਰਟੀ (ਆਪ) ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਝਾਮਕਾ ਨੇ ਤਰਨਤਾਰਨ ਵਿੱਚ ਤਾਇਨਾਤੀ ਦੌਰਾਨ 3 ਅਪ੍ਰੈਲ ਤੋਂ 13 ਅਪ੍ਰੈਲ ਤੱਕ ਬਿਨਾਂ ਐਨ.ਓ.ਸੀ.ਦੇ 100 ਤੋਂ ਵੱਧ ਰਜਿਸਟਰੀਆਂ ਕਰਨ ਵਾਲੇ ਨਾਇਬ ਤਹਿਸੀਲਦਾਰ ਨੂੰ ਮੁਅੱਤਲ ਕਰਕੇ ਉਸਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।ਝਾਮਕਾ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਦਾ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ,ਪਰ ਤਬਾਦਲੇ ਦੇ ਬਾਵਜੂਦ ਨਾਇਬ ਤਹਿਸੀਲਦਾਰ 10 ਦਿਨ ਤੱਕ ਬਿਨਾ ਐਨ.ਓ.ਸੀ. ਦੇ 100 ਤੋਂ ਵੱਧ ਰਜਿਸਟਰੀਆਂ ਕਰਦੇ ਰਹੇ,ਜੋਕਿ ਆਪਣੇ ਆਪ ਵਿੱਚ ਮਾਲ ਵਿਭਾਗ ਵਿੱਚ ਵੱਡਾ ਘੁਟਾਲਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਨਾਲ ਸੰਬੰਧਿਤ ਕਰੋੜਾਂ ਦੀ ਕੀਮਤ ਵਾਲੀਆਂ ਅਜਿਹੀਆਂ ਕਾਲੋਨੀਆਂ ਹਨ,ਜਿਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ।ਵਿਵਾਦ ਵਾਲੀ ਕਾਲੋਨੀਆਂ ਦੇ ਪਲਾਟਾਂ ਦੀ ਬਿਨਾ ਐਨ.ਓ.ਸੀ. ਰਜਿਸਟਰੀਆਂ ਕਰਨਾ ਆਪਣੇ ਆਪ ਵਿੱਚ ਵੱਡਾ ਜੁਰਮ ਮੰਨਿਆ ਜਾਂਦਾ ਹੈ। ਝਾਮਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਦਾ ਤਬਾਦਲਾ ਕੀਤਾ ਗਿਆ।ਇਸਦੇ ਬਾਵਜੂਦ ਨਾਇਬ ਤਹਿਸੀਲਦਾਰ ਨੂੰ ਰਿਲੀਵ ਨਹੀਂ ਕੀਤਾ ਗਿਆ,ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਰਜਿਸਟਰੀਆਂ ਦੇ ਮਸਲੇ ਵਿੱਚ ਮਾਲ ਵਿਭਾਗ ਦੇ ਹੋਰ ਅਧਿਕਾਰੀ ਵੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਮਸਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।