ਚੋਹਲਾ ਸਾਹਿਬ/ਤਰਨਤਾਰਨ, 15 ਅਪ੍ਰੈਲ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਸ਼੍ਰੀ ਅਰੁਣ ਸ਼ਰਮਾ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਵਲੋਂ ਲਗਾਏ ਗਏ ਸਪੈਸ਼ਲ ਨਾਕੇ ਦੌਰਾਨ ਕੈਂਟਰ ਸਵਾਰ ਦੋ ਸਕੇ ਭਰਾਵਾਂ ਨੂੰ 2 ਕਿਲੋ 800 ਗ੍ਰਾਮ ਅਫੀਮ ਸਮੇਤ ਕਾਬੂ ਕਰ ਲਿਆ ਗਿਆ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਦੀਆਂ ਸਖ਼ਤ ਹਦਾਇਤਾਂ ਅਤੇ ਐਸਪੀ (ਡੀ) ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਟੀ-ਪੁਆਇੰਟ ਚੋਹਲਾ ਖੁਰਦ-ਫਤਿਆਬਾਦ ਰੋਡ ਉੱਪਰ ਲਗਾਏ ਸਪੈਸ਼ਲ ਨਾਕੇ ‘ਤੇ ਮੌਜੂਦ ਸੀ ਕਿ ਫਤਿਆਬਾਦ ਦੀ ਤਰਫੋਂ ਆ ਰਹੇ ਇੱਕ ਕੈਂਟਰ ਨੰਬਰ ਪੀ ਬੀ 02 ਈਸੀ 7410 ਜਿਸ ਵਿੱਚ ਦੋ ਨੌਜਵਾਨ ਬੈਠੇ ਸਨ ਨੂੰ ਰੋਕ ਕੇ ਜਦ ਉਕਤ ਵਿਅਕਤੀਆਂ ਕੋਲੋਂ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਹ ਘਬਰਾ ਗਏ।
ਸ਼ੱਕ ਪੈਣ ‘ਤੇ ਕੈਂਟਰ ਦੀ ਤਲਾਸ਼ੀ ਦੌਰਾਨ ਡਰਾਈਵਰ ਦੀ ਸੀਟ ਥੱਲਿਓਂ 2 ਕਿਲੋ 800 ਗ੍ਰਾਮ ਅਫੀਮ ਬਰਾਮਦ ਹੋਈ। ਪੁਛਗਿੱਛ ਕਰਨ ‘ਤੇ ਕੈਂਟਰ ਸਵਾਰ ਦੋਹਾਂ ਨੌਜਵਾਨਾਂ ਦੀ ਪਹਿਚਾਣ ਸੁਖਜਿੰਦਰ ਸਿੰਘ ਅਤੇ ਹਰਪਾਲ ਸਿੰਘ ਉਰਫ ਭੱਲੂ (ਦੋਵੇਂ ਸਕੇ ਭਰਾ)ਪੁੱਤਰਾਨ ਦਰਬਾਰਾ ਸਿੰਘ ਵਾਸੀ ਲੰਡੇਕੇ ਜ਼ਿਲ੍ਹਾ ਮੋਗਾ ਵਜੋਂ ਹੋਈ। ਡੀਐਸਪੀ ਸ਼੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਪਤਾ ਚੱਲਿਆ ਕਿ ਕਾਬੂ ਕੀਤੇ ਗਏ ਦੋਹਾਂ ਨੌਜਵਾਨਾਂ ਵਿਚੋਂ ਇੱਕ ਹਰਪਾਲ ਸਿੰਘ ਉਰਫ ਭੱਲੂ ‘ਤੇ ਪਹਿਲਾਂ ਹੀ ਥਾਣਾ ਸਦਰ ਜਗਰਾਓਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਕੋਲੋਂ ਕਰੀਬ 9 ਲੱਖ ਰੁਪਏ ਖੋਹਣ ਦਾ ਮੁਕੱਦਮਾ ਨੰਬਰ 17 ਮਿਤੀ 12 ਮਾਰਚ 2021 ਨੂੰ ਦਰਜ ਹੈ ਤੇ ਉਸ ਮੁਕੱਦਮੇ ਵਿੱਚ ਇਹ ਭਗੌੜਾ ਹੈ।ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਹੁਣ ਜਾਅਲੀ ਅਧਾਰ ਕਾਰਡ ਬਣਾ ਕੇ ਆਪਣਾ ਨਾਂਅ ਸੁਰਜੀਤ ਸਿੰਘ ਵਜੋਂ ਬਦਲਕੇ ਹੁਣ ਯੂਪੀ ਵਿੱਚ ਰਹਿ ਰਿਹਾ ਸੀ,ਜਿਸ ਕੋਲੋਂ ਜਾਅਲੀ ਅਧਾਰ ਕਾਰਡ ਵੀ ਬਰਾਮਦ ਕਰ ਲਿਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਜਾਂਚ ਕਰਨ ਤੇ ਪਤਾ ਲੱਗਾ ਹੈ ਕਿ ਉੱਕਤ ਦੋਵੇਂ ਭਰਾ ਉੱਤਰ ਪ੍ਰਦੇਸ਼ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ ਅਤੇ ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਮੌਕੇ ਐਸਐਚਓ ਥਾਣਾ ਚੋਹਲਾ ਸਾਹਿਬ ਵਿਨੋਦ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਹਾਂ ਨੌਜਵਾਨਾਂ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।