ਅੰਮ੍ਰਿਤਸਰ, 26 ਮਾਰਚ (ਰਾਕੇਸ਼ ਨਈਅਰ) : ਭਾਜਪਾ ਆਗੂਆਂ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਨੂੰ ਪੰਜਾਬ ਦੀਆਂ ਸੜਕਾਂ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਅੰਗਰੇਜ਼ਾਂ ਦੇ ਨਾਮ ਨੂੰ ਬਦਲ ਕੇ ਸਿੱਖ ਗੁਰੂ ਸਾਹਿਬਾਨ,ਸਿੱਖ ਜਰਨੈਲਾਂ ਅਤੇ ਅਜ਼ਾਦੀ ਦੇ ਮਹਾਂਨਾਇਕਾਂ ਦੇ ਨਾਮ ’ਤੇ ਰੱਖਣ ਲਈ ਪੰਜਾਬ ਸਰਕਾਰ ਅਤੇ ਸੰਬੰਧਿਤ ਕੇਂਦਰੀ ਮੰਤਰਾਲੇ ਕੋਲ ਵਕਾਲਤ ਕਰਨ ਦੀ ਅਪੀਲ ਕੀਤੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਸਲਾਹਕਾਰ ਪ੍ਰੋ:ਸਰਚਾਂਦ ਸਿੰਘ ਖਿਆਲਾ,ਭਾਜਪਾ ਕੋਰ ਕਮੇਟੀ ਮੈਂਬਰ ਡਾ.ਜਸਵਿੰਦਰ ਸਿੰਘ ਢਿੱਲੋਂ,ਭਾਜਪਾ ਬੁਲਾਰੇ ਕੁਲਦੀਪ ਸਿੰਘ ਕਾਹਲੋਂ ਅਤੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦਾ ਇਤਿਹਾਸ ਅਤੇ ਵਿਰਾਸਤੀ ਧ੍ਰੋਹਰਾਂ ਨੂੰ ਬਚਾਉਣ ਦੀਆਂ ਕੇਵਲ ਗੱਲਾਂ ਹੀ ਕਰਦੀ ਹੈ,ਪਰ ਸਿਆਸੀ ਇੱਛਾ ਸ਼ਕਤੀ ਦੀ ਅਣਹੋਂਦ ਵਿਚ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ।ਪੰਜਾਬ ਦੀਆਂ ਕਈ ਸੜਕਾਂ ਅਤੇ ਇਤਿਹਾਸਕ ਸਥਾਨਾਂ ਨੂੰ ਅੱਜ ਵੀ ਉਨ੍ਹਾਂ ਅੰਗਰੇਜ਼ਾਂ ਦੇ ਨਾਵਾਂ ਨਾਲ ਪੁਕਾਰਿਆ ਜਾ ਰਿਹਾ ਹੈ,ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਦੌਰਾਨ ਪੰਜਾਬ ਅਤੇ ਪੰਜਾਬੀਆਂ ਨਾਲ ਧੱਕੇਸ਼ਾਹੀਆਂ ਅਤੇ ਅਨੇਕਾਂ ਜ਼ੁਲਮ ਕੀਤੇ ਹਨ।ਪ੍ਰੋ:ਸਰਚਾਂਦ ਸਿੰਘ ਨੇ ਕਿਹਾ ਕਿ ਅਜ਼ਾਦੀ ਦੇ 75 ਸਾਲ ਬੀਤ ਜਾਣ ਅਤੇ ਭਾਰਤ ਦੀ ਇਕ ਆਰਥਿਕ ਮਹਾਂ ਸ਼ਕਤੀ,ਫ਼ੌਜੀ ਤਾਕਤ ਅਤੇ ਸੂਚਨਾ ਤਕਨੀਕ ’ਚ ਤਰੱਕੀਯਾਫ਼ਤਾ ਮੁਲਕ ਵਜੋਂ ਪਛਾਣ ਹੋਣ ਦੇ ਬਾਵਜੂਦ ਵੀ ਬ੍ਰਿਟਿਸ਼ ਕਾਲ ਦੇ ਅੰਗਰੇਜ਼ਾਂ ਦੇ ਨਾਵਾਂ ਨੂੰ ਨਾ ਬਦਲਣਾ ਗ਼ੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ ਅਤੇ ਪੰਜਾਬੀਆਂ ਦੀ ਅਣਖ ਨੂੰ ਵੰਗਾਰ ਹੈ।ਉਨ੍ਹਾਂ ਕਿਹਾ ਕਿ ਭਾਰਤ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸਵ ਮਨਾ ਕੇ ਅੰਮ੍ਰਿਤ ਕਾਲ ਵਿਚ ਪ੍ਰਵੇਸ਼ ਕਰ ਚੁੱਕਾ ਹੈ ਤਾਂ ਇਸ ਮੁੱਦੇ ਨੂੰ ਹੋਰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨੇ ਇਸ ਸੰਬੰਧੀ ਪਹਿਲਕਦਮੀ ਕੀਤੀ ਹੈ ਅਤੇ ਅੰਗਰੇਜ਼ੀ ਕਾਲ ਦੀਆਂ ਨਿਸ਼ਾਨੀਆਂ ਬਦਲ ਦਿੱਤੀਆਂ ਹਨ।
ਪ੍ਰੋ:ਸਰਚਾਂਦ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹਿਰ ’ਚ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ’ਤੇ ਸ਼ਹਿਰ ਦੇ ਅਮੀਰ ਇਤਿਹਾਸਕ ਵਿਰਾਸਤ ਦੇ ਪ੍ਰਗਟਾਵੇ ਲਈ ਬਣਵਾਇਆ ਗਿਆ ਰਾਮ ਬਾਗ ਅੱਜ ਵੀ ਕੰਪਨੀ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਸੇ ਤਰਾਂ ਗੁਰੂ ਸਾਹਿਬ ਦੇ ਨਾਮ ਵਾਲਾ ਬਜ਼ਾਰ ਅੰਗਰੇਜ਼ ਡਿਪਟੀ ਕਮਿਸ਼ਨਰ ਕਰਨਲ ਸੀ.ਐਚ.ਹਾਲ ਦੇ ਨਾਮ ’ਤੇ ‘ਹਾਲ ਬਜ਼ਾਰ’ ਕਰ ਕੇ ਜਾਣਿਆ ਜਾਂਦਾ ਹੈ।ਸ਼ਹਿਰ ਦਾ ਗੇਟ ਇਸੇ ਹਾਲ ਦੇ ਨਾਮ’ਤੇ ਹਾਲ ਗੇਟ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਉੱਤੋਂ ਹੁਣ ’ਅੰਮ੍ਰਿਤਸਰ ਸਿਫਤੀ ਦਾ ਘਰ’ ਲਿਖਿਆ ਹੋਇਆ ਵੀ ਮਿਟਾ ਦਿੱਤਾ ਗਿਆ ਹੈ।ਉਨ੍ਹਾਂ ਲਾਰੰਸ ਰੋਡ,ਟੇਲਰ ਰੋਡ,ਅਲਬਰਟ ਰੋਡ,ਨਿਲਕੋਡ ਰੋਡ,ਕੂਪਰ ਰੋਡ,ਕਵਿੰਨਜ਼ ਰੋਡ ਆਦਿ ਦਾ ਵੀ ਜ਼ਿਕਰ ਕੀਤਾ।ਪ੍ਰੋ:ਸਰਚਾਂਦ ਸਿੰਘ ਨੇ ਦੁਖੀ ਮਨ ਨਾਲ ਇਹ ਵੀ ਦੱਸਿਆ ਕਿ ਸੂਬਾ ਸਰਕਾਰਾਂ ਦੀਆਂ ਅਣਗਹਿਲੀਆਂ ਕਰ ਕੇ ਸ਼ਹਿਰ ’ਚ ਸਿੱਖ ਰਾਜ ਦੀਆਂ ਕਈ ਵਿਰਾਸਤਾਂ ਨੇਸਤੋ ਨਾਬੂਤ ਹੋ ਚੁੱਕੀਆਂ ਹਨ।ਸ਼ੇਰੇ ਪੰਜਾਬ ਦੇ ਪਿਤਾ ਸ.ਮਹਾਂ ਸਿੰਘ ਦੇ ਨਾਮ ਵਾਲੀ ਸੜਕ ਹੁਣ ਕਿਥੇ ਹੈ,ਕਿਸੇ ਨੂੰ ਨਹੀਂ ਪਤਾ।ਉੱਥੇ ਹੀ ਕਿਲ੍ਹਾ ਮਹਾਂ ਸਿੰਘ ਅਤੇ ਸਾਰਾਗੜ੍ਹੀ ਯਾਦਗਾਰ ਦੇ ਪਿੱਛੇ ਕਿਲ੍ਹਾ ਆਹਲੂਵਾਲੀਆ ’ਤੇ ਨਜਾਇਜ਼ ਕਬਜ਼ੇ ਹੋ ਚੁੱਕੇ ਹਨ।ਟਾਊਨ ਹਾਲ ਦੇ ਕੋਲ ਸ਼ੇਰੇ ਪੰਜਾਬ ਦੀ ਸੱਸ ਰਾਣੀ ਸਦਾ ਕੌਰ ਦੀ ਹਵੇਲੀ ਲੋਕਾਂ ਦੀਆਂ ਯਾਦਾਂ ਵਿਚੋਂ ਵਿੱਸਰਦੀ ਜਾ ਰਹੀ ਹੈ।ਸਾਡੇ ਕੋਲ ਇਸ ਬਾਰੇ ’ਤਵਾਰੀਖ-ਏ-ਲਾਹੌਰ ਤੇ ਅੰਮ੍ਰਿਤਸਰ’ ਦੇ ਦਸਤਾਵੇਜ਼ੀ ਸਬੂਤ ਮੌਜੂਦ ਹਨ।ਉਨ੍ਹਾਂ ਕਿਹਾ ਕਿ ਸਿੱਖ ਜਰਨੈਲ ਅਤੇ ਅਜ਼ਾਦੀ ਦੇ ਨਾਇਕ ਸਾਡੇ ਰਾਸ਼ਟਰ ਨਿਰਮਾਣ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਹਨ।ਪੰਜਾਬ ਦੇ ਅਣਗਿਣਤ ਨਾਇਕਾਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਬਜਾਏ ਅਸੀਂ ਹੁਣ ਤੱਕ ਸ਼ਹਿਰ ਦੀਆਂ ਸੜਕਾਂ ਅਤੇ ਸਥਾਨਾਂ ਪ੍ਰਤੀ ਅੰਗਰੇਜ਼ਾਂ ਦੇ ਨਾਮ ਦਾ ਸਿਲਸਿਲਾ ਕਾਇਮ ਰੱਖ ਕੇ ਅਸੀਂ ਕਿਵੇਂ ਰਾਸ਼ਟਰਵਾਦ ਦੀ ਸੇਵਾ ਕਰ ਰਹੇ ਹਾਂ? ਯਕੀਨਨ ਇਹ ਨਿਪੁੰਸਕਤਾ ਹੈ।ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬੁੱਧੀਜੀਵੀਆਂ,ਇਤਿਹਾਸਕਾਰਾਂ ਅਤੇ ਵਿਸ਼ਾ ਮਾਹਿਰਾਂ ਦੀ ਰਾਏ ਲੈ ਕੇ ਇਨ੍ਹਾਂ ਪ੍ਰੀਤ ਸਵਦੇਸ਼ੀ ਨਾਮਕਰਨ ਲਈ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਇਤਿਹਾਸਕ ਵਿਰਾਸਤਾਂ ਨੂੰ ਸੰਭਾਲਿਆ ਜਾ ਸਕੇ ਅਤੇ ਅਜ਼ਾਦੀ ਘੁਲਾਟੀਆਂ ਦਾ ਸੁਨੇਹਾ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਦਾ ਰਹੇ।