ਅੰਮ੍ਰਿਤਸਰ, 14 ਮਾਰਚ (ਕੰਵਲਜੀਤ ਸਿੰਘ) : ਦਲਿਤ ਪਰਿਵਾਰ ਦੀ ਇਕ ਹੋਣਹਾਰ ਲੜਕੀ ਪੰਪੋਸ਼ਾ, ਜੋ ਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿਚ ਐਮ.ਬੀ.ਬੀ.ਐਸ ਦੀ ਪ੍ਰੈਕਟਿਸ ਕਰ ਰਹੀ ਸੀ, ਨੂੰ ਹਸਪਤਾਲ ਦੇ ਉੱਚ ਅਧਿਕਾਰੀਆਂ, ਸਟਾਫ ਮੈਬਰਾਂ ਅਤੇ ਕੁਝ ਬੱਚਿਆਂ ਵਲੋਂ ਉਸ ਨੂੰ ਜਾਤ ਦੇ ਨਾਮ ‘ਤੇ ਤਾਅਨੇ-ਮਿਹਨੇ ਅਤੇ ਭੱਦੀ ਸ਼ਬਦਾਵਲੀ ਵਰਤ ਕੇ ਉਸ ਨੂੰ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਸੀ। ਜਿਸ ਤੋਂ ਤੰਗ ਆ ਕੇ ਉੱਕਤ ਦਲਿਤ ਡਾਕਟਰ ਨੇ ਕੁਝ ਦਿਨ ਪਹਿਲਾਂ ਹੀ ਆਤਮ ਹੱਤਿਆ ਕਰ ਲਈ ਸੀ। ਦਲਿਤ ਪਰਿਵਾਰ ਨੂੰ ਇੰਨਸਾਫ ਦਵਾਉਣ ਲਈ ਮਾਝੇ ਦੇ ਉੱਘੇ ਸਮਾਜ ਸੇਵਕ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਇਸ ਗੰਭੀਰ ਮਾਮਲੇ ਨੂੰ ਭਾਰਤ ਸਰਕਾਰ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਸ੍ਰੀ ਸਾਂਪਲਾ ਨੇ ਇਸ ਮਾਮਲੇ ‘ਤੇ ਠੋਸ ਕਰਵਾਈ ਕਰਦਿਆਂ ਡਵੀਜਨ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੂੰ ਤਲਬ ਕਰਕੇ ਰਿਪੋਰਟ ਮੰਗ ਲਈ ਹੈ। ਚੇਅਰਮੈਨ ਸ੍ਰੀ ਸਾਂਪਲਾ ਨੇ ਕਿਹਾ ਕਿ ਦਲਿਤ ਪਰਿਵਾਰ ਨੂੰ ਇੰਨਸਾਫ ਦਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਦੋਸ਼ੀਆਂ ‘ਤੇ ਤੁਰੰਤ ਕਾਰਾਵਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਸੀ ਕਮਿਸ਼ਨ ਦਲਿਤ ਪਰਿਵਾਰ ਨਾਲ ਚਟਾਂਗ ਵਾਂਗ ਖੜਾ ਹੈ ਅਤੇ ਪਰਿਵਾਰ ਨੂੰ ਜਲਦ ਇੰਨਸਾਫ ਦਵਾਇਆ ਜਾਵੇਗਾ।
ਬਾਕਸ
ਕੀ ਕਹਿੰਦੇ ਹਨ ਐਮ.ਪੀ ਔਜਲਾ
ਦਲਿਤ ਪਰਿਵਾਰ ਨੂੰ ਇੰਨਸਾਫ ਦਵਾਉਣ ਅਤੇ ਦੋਸ਼ੀਆਂ ‘ਤੇ ਸਖਤ ਕਾਰਵਾਈ ਲਈ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਅੰਮ੍ਰਿਤਸਰ ਲੋਕ ਸਭਾ ਦੇ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨਾਲ ਵੀ ਮੁਲਾਕਾਤ ਕੀਤੀ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸ. ਔਜਲਾ ਨੇ ਸੋਨੂੰ ਜੰਡਿਆਲਾ ਨੂੰ ਵਿਸ਼ਵਾਸ਼ ਦਵਾਇਆ ਕਿ ਦਲਿਤ ਪਰਿਵਾਰ ਨੂੰ ਇੰਨਸਾਫ ਦਵਾਉਣ ਲਈ ਕਾਂਗਰਸ ਪਾਰਟੀ ਪਰਿਵਾਰ ਨਾਲ ਚਟਾਂਨ ਵਾਂਗ ਖੜੀ ਹੈ ਅਤੇ ਇਸ ਮਾਮਲੇ ਨੂੰ ਪਾਰਲੀਮੈਂਟ ਵਿਚ ਵੀ ਗੰਭੀਰਤਾ ਨਾਲ ਚੁੱਕਿਆ ਜਾਵੇਗਾ। ਐਮ.ਪੀ ਸ. ਔਜਲਾ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ ਅਤੇ ਸੂਬੇ ਦੇ ਲੋਕ ਸਹਿਮੇ-ਸਹਿਮੇ ਨਜ਼ਰ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਹਲਾਤ ਦਿਨੋ-ਦਿਨ ਵਿਗੜ ਰਹੇ ਹਨ, ਗੁੰਡਾਗਰਦੀ ਜੋਬਨ ‘ਤੇ ਹੈ ਅਤੇ ਦਿਨ ਦਿਹਾੜੇ ਕਤਲੋਗਾਰਤ, ਚੋਰੀਆਂ ਤੇ ਡਾਕਿਆਂ ਦੀਆਂ ਵਾਰਦਾਤਾਂ ਜਨਮ ਲੈ ਰਹੀਆਂ ਹਨ, ਪਰ ‘ਆਪ’ ਸਰਕਾਰ ਗਹਿਰੀ ਨੀਂਦ ਸੁੱਤੀ ਪਈ ਹੈ। ਉਨਾਂ ਅਖੀਰ ਵਿਚ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਦਲਿਤ ਪਰਿਵਾਰ ਨੂੰ ਹਰ ਹੀਲੇ ਇੰਨਸਾਫ ਦਵਾਇਆ ਜਾਵੇਗਾ ਅਤੇ ਇਸ ਮਾਮਲੇ ‘ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀ ਜਾਵੇਗਾ।