ਅੰਮ੍ਰਿਤਸਰ, 25 ਫਰਵਰੀ (ਰਾਕੇਸ਼ ਨਈਅਰ) : ਈਡੀਅਟ ਕਲੱਬ ਪੰਜਾਬ ਵਲੋਂ 11ਵਾਂ ਜਸਪਾਲ ਭੱਟੀ ਐਵਾਰਡ ਸਮਾਗਮ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਚ ਬਹੁਤ ਹੀ ਖੁਸ਼ਨੁਮਾ ਮਾਹੌਲ ਵਿਚ ਕਰਵਾਇਆ ਗਿਆ,ਜ਼ੋ ਕਿ ਯਾਦਗਾਰੀ ਹੋ ਨਿੱਬੜਿਆ।ਇਸ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਨਾਟਸ਼ਾਲਾ ਦੇ ਮੁੱਖ ਸੰਚਾਲਕ ਅਤੇ ਕਲਾ ਖੇਤਰ ਨੂੰ ਪੂਰੀ ਤਰਾਂ ਸਮਰਪਿਤ ਜਤਿੰਦਰ ਬਰਾੜ,ਕਲੱਬ ਦੇ ਪੈਟਰਨ ਸ਼ੰਮੀ ਚੌਧਰੀ,ਈਡੀਅਟ ਕਲੱਬ ਪੰਜਾਬ ਦੇ ਪ੍ਰਧਾਨ ਅਤੇ ਫਿਲਮੀ ਅਦਾਕਾਰ ਡਾ.ਰਾਜਿੰਦਰ ਰਿਖੀ ਅਤੇ ਸੀਨੀ.ਮੀਤ ਪ੍ਰਧਾਨ ਧਵਨੀ ਮਹਿਰਾ ਵਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ।ਇਸ ਐਵਾਰਡ ਸਮਾਰੋਹ ਦੀ ਸ਼ੁਰੂਆਤ ਵਿਚ ਸਾਰੇ ਹੀ ਐਵਾਰਡੀਆਂ ਦੇ ਮੱਥੇ ‘ਤੇ ਤਿਲਕ ਕਰਕੇ ਉਹਨਾਂ ਨੂੰ ਢੋਲ ਦੀ ਥਾਪ ਦੇ ਨਾਲ ਨਾਟਸ਼ਾਲਾ ਦੇ ਮੁੱਖ ਆਡੀਟੋਰੀਅਮ ਵਿਚ ਲਿਜਾਇਆ ਗਿਆ।ਜਿਥੇ ਕਿ ਸ਼ਮਾ ਰੌਸ਼ਨ ਕਰਨ ਤੋਂ ਬਾਅਦ ਐਵਾਰਡ ਸ਼ੋਅ ਦੀ ਸ਼ੁਰੂਆਤ ਹੋਈ।ਇਸ ਸਮਾਰੋਹ ਵਿਚ ਖਿਯਾਤੀ ਮਹਿਰਾ,ਸਵਪਨ ਰਾਣੂ, ਲਤਿਕਾ ਅਰੋੜਾ,ਸਟੈੱਪ ਇਨ ਰਿਧਮ ਡਾਂਸ ਅਕੈਡਮੀ,ਨਵੀਨ ਬਜਾਜ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ।
ਇਸ ਵਾਰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ,ਸਰਵੋਤਮ ਹਾਸ ਵਿਅੰਗਕਾਰ ਸ਼ੁਗਲੀ ਜੁਗਲੀ ਜੋੜੀ,ਕਲਮ ਦਾ ਧਨੀ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ,ਮੋਸਟ ਵੈਲਿਊਏਬਲ ਪਲੇਅਰ ਹਾਕੀ ਖਿਡਾਰੀ ਤੇਜਬੀਰ ਸਿੰਘ ਹੁੰਦਲ ਪੀਪੀਐਸ, ਮਾਨਵਤਾ ਦੇ ਸੇਵਕ ਸੁਰਭੀ ਵਰਮਾ,ਹੱਸਦਾ ਮੁਖੜਾ ਹਿਮਾਚਲ ਪ੍ਰਦੇਸ਼ ਤੋਂ ਸ਼ਿਵਾਨੀ ਕੌਸ਼ਲ, ਹਰਫ਼ਨਮੌਲਾ ਅਦਾਕਾਰ ਸੁਦੇਸ਼ ਵਿੰਕਲ, ਆਊਟਸਟੈਂਡਿੰਗ ਅਚੀਵਰ ਯਾਕੂਬ ਅਤੇ ਮਸਖ਼ਰੇ ਪੰਜਾਬ ਦੇ ਐਵਾਰਡ ਟਵਿਨ ਬ੍ਰਦਰਜ਼ ਨੂੰ ਦਿੱਤਾ ਗਿਆ।ਡਾ.ਰਜਿੰਦਰ ਰਿਖੀ ਨੇ ਦੱਸਿਆ ਕਿ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਕਲੱਬ ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਮੰਚ ਸੰਚਾਲਨ ਪੀਟੀਸੀ ਚੈਨਲ ਦੇ ਹਾਸ ਕਲਾਕਾਰ ਕਵਲਜੀਤ ਸਿੰਘ ਨੇ ਬਾਖੂਬੀ ਕੀਤਾ।ਇਸ ਮੌਕੇ ਫ਼ਿਲਮੀ ਅਦਾਕਾਰ ਅਰਵਿੰਦਰ ਭੱਟੀ,ਪ੍ਰਸਿੱਧ ਮੰਚ ਸੰਚਾਲਕ ਕੰਵਲਜੀਤ ਮਾਨਾਂਵਾਲਾ,ਤਹਿਸੀਲਦਾਰ ਸਰਬਜੀਤ ਸਿੰਘ,ਛੇਹਰਟਾ ਥਾਣਾ ਦੇ ਐਸ.ਐਚ.ਓ ਇੰਸ.ਗੁਰਵਿੰਦਰ ਸਿੰਘ, ਡਾ.ਕੇ.ਐਸ ਪਾਰਸ, ਹਰਿੰਦਰਪਾਲ ਸਿੰਘ ਟਿੱਕਾ ਨੌਰਵੇ,ਕੁਲਵਿੰਦਰ ਸਿੰਘ ਬੁੱਟਰ,ਦੀਪਕ ਮਹਿਰਾ, ਸੰਜੀਵ ਭੰਡਾਰੀ,ਸ਼ਿਵਰਾਜ ਸਿੰਘ,ਕਾਰਤਿਕ ਰਿਖੀ, ਧੈਰਿਆ ਮਹਿਰਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।