ताज़ा खबरपंजाब

ਪ੍ਰੋ. ਸਰਚਾਂਦ ਸਿੰਘ ਨੇ ਜਥੇਦਾਰ ਨੂੰ ਸ. ਬਾਦਲ ਤੋਂ ‘ਫ਼ਖ਼ਰ ਏ ਕੌਮ’ ਦਾ ਰੁਤਬਾ ਵਾਪਸ ਲੈਣ ਦੀ ਕੀਤੀ ਅਪੀਲ

ਤਰਨਤਾਰਨ/ਅੰਮ੍ਰਿਤਸਰ, 25 ਫਰਵਰੀ (ਰਾਕੇਸ਼ ਨਈਅਰ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁਕੇ ਸ: ਪ੍ਰਕਾਸ਼ ਸਿੰਘ ਬਾਦਲ ਤੋਂ ’ਫ਼ਖ਼ਰ ਏ ਕੌਮ’ ਐਵਾਰਡ ਵਾਪਸ ਲੈਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਸ਼ਨੀਵਾਰ ਨੂੰ ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ:ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ’ਫ਼ਖ਼ਰ ਏ ਕੌਮ’ ਅਤੇ ’ਪੰਥ ਰਤਨ’ ਐਵਾਰਡ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ।ਪ੍ਰੋ:ਸਰਚਾਂਦ ਸਿੰਘ ਨੇ ਜਥੇਦਾਰ ਨੂੰ ਲਿਖੇ ਪੱਤਰ ਵਿੱਚ ਇਕ ਨਿਮਾਣੇ ਸਿੱਖ ਵਜੋਂ ਸਿੱਖ ਮਾਨਸਿਕਤਾ ਦੀ ਤਰਜਮਾਨੀ ਕਰਦਿਆਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਦੇ ਸਾਜ਼ਿਸ਼ ’ਚ ਮਦਦ ਦੇਣ ਦੇ ਗੰਭੀਰ ਦੋਸ਼ ਸਾਹਮਣੇ ਆਉਣ ਨਾਲ ਸ:ਬਾਦਲ ਨੇ ਪੰਥ ਦਾ ਵਿਸ਼ਵਾਸ ਗਵਾ ਲਿਆ ਹੈ। ਉਨ੍ਹਾਂ ’ਤੇ ਭਰੋਸਾ ਕਰਨ ਵਾਲੇ ਲੋਕ ਅੱਜ ਜਨਤਕ ਤੌਰ ’ਤੇ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ।ਲਿਹਾਜ਼ਾ ਸ:ਬਾਦਲ ’ਫ਼ਖ਼ਰ ਏ ਕੌਮ’ ਕਹਾਉਣ ਦਾ ਹੁਣ ਕੋਈ ਹੱਕ ਨਹੀਂ ਰੱਖਦਾ, ਉਨ੍ਹਾਂ ਨੂੰ ਇਹ ਸਨਮਾਨ ਤੁਰੰਤ ਵਾਪਸ ਕਰ ਦੇਣਾ ਚਾਹੀਦਾ ਹੈ।ਜੇਕਰ ਸ: ਬਾਦਲ ਸਨਮਾਨ ਵਾਪਸ ਨਹੀਂ ਕਰਦਾ ਹੈ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ:ਬਾਦਲ ਤੋਂ ਸਨਮਾਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।ਪ੍ਰੋ:ਸਰਚਾਂਦ ਸਿੰਘ ਨੇ ਕਿਹਾ ਕਿ ਸ:ਬਾਦਲ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 2011 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਖਰ ਏ ਕੌਮ ਅਤੇ ਪੰਥ ਰਤਨ ਸਨਮਾਨ ਦਿੱਤਾ ਗਿਆ ਸੀ।ਪਰ 2015 ਵਿਚ ਵਾਪਰੀਆਂ ਬੇਅਦਬੀਆਂ ਦੀਆਂ ਹਿਰਦੇਵੇਧਕ ਘਟਨਾਵਾਂ ਨਾਲ ਨਜਿੱਠਣ ’ਚ ਨਾਕਾਮੀ ਤੋਂ ਬਾਅਦ ਉਨ੍ਹਾਂ ਤੋਂ ਫ਼ਖਰ ਏ ਕੌਮ ਅਵਾਰਡ ਵਾਪਸ ਲੈਣ ਦੀ ਮੰਗ ਲਗਾਤਾਰ ਉੱਠਦੀ ਰਹੀ। ਜਦੋਂਕਿ ਹੁਣ ਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਸ:ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਬਰਗਾੜੀ ਬੇਅਦਬੀ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ’ਤੇ ਗੋਲੀ ਚਲਾਉਣ ਦੇ ਮਾਮਲੇ ਦੀ ਸਾਜ਼ਿਸ਼ ’ਚ ਮਦਦ ਦੇਣ ਦਾ ਗੰਭੀਰ ਦੋਸ਼ ਸਾਹਮਣੇ ਆਇਆ ਹੈ।ਜਿਸ ਵਿਚ ਤਤਕਾਲੀ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਨੂੰ ਮਾਸਟਰਮਾਈਂਡ ਗਰਦਾਨਿਆ ਗਿਆ।

ਪ੍ਰੋ:ਸਰਚਾਂਦ ਸਿੰਘ ਨੇ ਕਿਹਾ ਕਿ ਵਿਧਾਨ ਸਭਾ ’ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਬਹਿਸ ਦੌਰਾਨ ਬਾਈਕਾਟ ਕਰਨ ਵਾਲੇ ਬਾਦਲਾਂ ਨੇ ਇਕ ਦਹਾਕੇ ਦੇ ਰਾਜਭਾਗ ਦੌਰਾਨ ਜਾਣੇ ਅਨਜਾਣੇ ਵਿਚ ਕੀਤੀਆਂ ਭੁੱਲਾਂ ਦਾ ਜ਼ਿਕਰ ਕੀਤੇ ਬਿਨਾਂ ਪਸ਼ਚਾਤਾਪ ਕਰਨ ਦਾ ਰਾਹ ਵੀ ਚੁਣਿਆ,ਪਰ ਹੁਣ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਨਾਲ ਸਾਫ਼ ਹੋ ਗਿਆ ਹੈ ਕਿ ਉਹ ਕਿਹੜੀਆਂ ਭੁੱਲਾਂ ਸਨ,ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।ਇਸ ਲਈ ਸ:ਬਾਦਲ ਕੌਮੀ ਸਨਮਾਨ ਦਾ ਹੱਕ ਗੁਆ ਚੁੱਕਾ ਹੈ।ਉਨ੍ਹਾਂ ਕਿਹਾ ਕਿ 12 ਅਕਤੂਬਰ 2015 ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਹਿਰਦੇਵੇਧਕ ਘਟਨਾ ਹੋਈ। 14 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ’ਚ ਇਨਸਾਫ਼ ਦੀ ਮੰਗ ਕਰ ਰਹੀਆਂ ਸੰਗਤਾਂ ’ਤੇ ਪੁਲੀਸ ਵੱਲੋਂ ਚਲਾਈ ਗਈ ਗੋਲੀ ਨਾਲ 2 ਸਿੰਘ ਸ਼ਹੀਦ ਅਤੇ ਸੈਂਕੜੇ ਜ਼ਖ਼ਮੀ ਹੋ ਗਏ।ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਨਿਕਲੇ,ਜਿਸ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਲਈ ਸਿੱਖਾਂ ਦੀਆਂ ਵੱਕਾਰੀ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਦੀ ਦੁਰਵਰਤੋਂ ਕੀਤੀ ਗਈ।ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਣ ਪ੍ਰਤੀ 90 ਲੱਖ ਤੋਂ ਵਧ ਦੀ ਇਸ਼ਤਿਹਾਰਬਾਜ਼ੀ ਕੀਤੀ ਗਈ, ਫਿਰ ਵੀ ਪੰਥਕ ਅਪਰਵਾਨਗੀ ਅਤੇ ਰੋਸ ਕਾਰਨ ਫ਼ੈਸਲਾ ਵਾਪਸ ਲੈਣਾ ਪਿਆ।ਉਨ੍ਹਾਂ ਪੰਥਕ ਸੰਸਥਾਵਾਂ ਨੂੰ ਬੇਈਮਾਨ ਲੀਡਰਸ਼ਿਪ ਦੀ ਢਾਲ ਨਾ ਬਣਨ ਦੀ ਵੀ ਅਪੀਲ ਕੀਤੀ ਹੈ।

Related Articles

Leave a Reply

Your email address will not be published.

Back to top button