ਜੰਡਿਆਲਾ ਗੁਰੂ, 20 ਜਨਵਰੀ (ਦਵਿੰਦਰ ਸਿੰਘ ਸੋਹਤਾ) : ਗੈਂਗਸਟਰਾਂ ਦੇ ਹੌਸਲੇ ਏਨੇ ਬੁਲੰਦ ਹੋ ਚੁੱਕੇ ਹਨ ਜੋ ਕਿ ਉਹ ਰਾਤ ਨੂੰ ਧਮਕੀ ਦਿੰਦੇ ਹਨ ਅਤੇ ਦਿਨ ਚੜ੍ਹਦੇ ਹੀ ਵਾਰਦਾਤ ਨੂੰ ਅੰਜ਼ਾਮ ਦੇਣ ਲੱਗ ਪਏ ਹਨ। ਇਸ ਘਟਨਾ ਦੀ ਮਿਸਾਲ ਪਿੰਡ ਬੰਡਾਲਾ ਦੇ ਵਾਸੀ ਪੱਤਰਕਾਰ ਅੰਗਰੇਜ ਸਿੰਘ ਹੁੰਦਲ ਤੋਂ ਮਿਲਦੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਗੇਰਜ ਸਿੰਘ ਹੁੰਦਲ ਨੇ ਦੱਸਿਆ ਕਿ 17 ਜਨਵਰੀ ਨੂੰ ਰਾਤ ਦੇ ਕਰੀਬ ਸਾਢੇ ਦਸ ਵਜੇ ਵਿਦੇਸ਼ੀ ਨੰਬਰ ਤੋਂ ਮੈਨੂੰ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਫੋਨ ਕਰਨ ਵਾਲੇ ਨੂੰ ਆਪਣਾ ਨਾਮ ਪਤਾ ਦੱਸਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਮੈਂ ਬਹੁਤ ਵੱਡੇ ਗੈਗ ਗੁੱਰਪ ਦਾ ਆਦਮੀ ਹਾਂ ਅਤੇ ਅਸੀਂ ਕਹੀ ਹੋਈ ਗੱਲ ਨੂੰ ਜਲਦੀ ਹੀ ਅੰਜ਼ਾਮ ਦੇ ਦਿੰਦੇ ਹਾਂ, ਬਹੁਤਾ ਸਮਾਂ ਨਹੀਂ ਲਗਾਉਦੇ ।
ਉਸ ਨੇ ਕਿਹਾ ਕਿ ਭਾਵੇਂ ਪੁਲਿਸ ਨੂੰ ਦੱਸਦੇ ਪਰ ਤੂੰ ਸਾਡਾ ਕੁਝ ਵਿਗਾੜ ਨਹੀਂ ਸਕਦਾ। ਅੱਗੇ ਦੱਸਿਆ ਕਿ ਉਸ ਦੀ ਪਤਨੀ 18 ਜਨਵਰੀ ਨੂੰ ਦੁਪਹਿਰ ਕਰੀਬ ਦੋ ਵਜੇ ਤਰਨ ਤਾਰਨ ਸਕੂਲ ਤੋਂ ਨੈਸ਼ਨਲ ਹਾਈਵੇ 54 ਰਾਹੀਂ ਵਾਪਸ ਬੰਡਾਲਾ ਆ ਰਹੀ ਸੀ ਅਤੇ ਪਿੰਡ ਜੋਗਾ ਸਿੰਘ ਲਾਗੇ ਇੱਕ ਅਣਪਛਾਤਾ ਲੜਕਾ ਮੋਟਰ ਸਾਈਕਲ ਤੇ ਪਿੱਛੋਂ ਆਇਆ ਜਿਸਨੇ ਮੂੰਹ ਸਿਰ ਢੱਕਿਆ ਹੋਇਆ ਸੀ। ਉਸ ਨੇ ਸਕੂਟਰੀ ਅੱਗੇ ਮੋਟਰ ਸਾਈਕਲ ਕਰਕੇ ਸਕੂਟੀ ਵਿਚੋਂ ਚਾਬੀ ਕੱਢ ਲਈ ਤੇ ਮੇਰੀ ਪਤਨੀ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ । ਇਸ ਦੌਰਾਨ ਉਹ ਬਹੁਤ ਗਾਲੀ ਗਲੋਚ ਕਰਦਾ ਰਿਹਾ, ਫਿਰ ਉਸਨੇ ਪਿਸਤੌਲ ਕੱਢ ਲਿਆ ਤੇ ਮੇਰੀ ਪਤਨੀ ਉੱਠ ਕੇ ਅੱਗੇ ਲੱਗ ਕੇ ਭੱਜਣ ਲੱਗੀ। ਉੱਚੀ-ਉੱਚੀ ਬਚਾਉਣ ਸਬੰਧੀ ਰੌਲਾ ਪਾਉਣ ਤੇ ਸੜਕ ਕੰਢੇ ਤੇ ਪਸ਼ੂਆਂ ਲਈ ਚਾਰਾ ਵੱਢਦੇ ਹੋਏ ਤਿੰਨ ਲੜਕੇ ਮਦਦ ਲਈ ਅੱਗੇ ਆਏ ਤਾਂ ਉਨ੍ਹਾਂ ਕਰਕੇ ਮੇਰੀ ਪਤਨੀ ਦਾ ਜਾਨੀ ਬਚਾਅ ਹੋ ਸਕਿਆ। ਇਸ ਸਬੰਧੀ ਪੁਲਿਸ ਚੌਂਕੀ ਬੰਡਾਲਾ ਦੇ ਇੰਚਾਰਜ਼ ਨੂੰ ਇਤਲਾਹ ਦਿੱਤੀ ਜਿਸ ਨੇ ਮੌਕੇ ਤੇ ਆਣ ਕੇ ਸਥਿਤੀ ਦਾ ਜ਼ਾਇਜ਼ਾ ਲਿਆ ਤੇ ਬਚਾਅ ਕਰਨ ਵਾਲੇ ਲੜਕਿਆਂ ਤੋਂ ਜ਼ੁਬਾਨੀ ਤੌਰ ਤੇ ਪੂੱਛ ਪੜਤਾਲ ਕੀਤੀ। ਇਸ ਘਟਨਾ ਦਾ ਜ਼ਾਇਜ਼ਾ ਲੈਣ ਲਈ ਐੱਸ.ਐੱਚ.ਓ. ਜੰਡਿਆਲਾ ਗੁਰੂ ਵੀ ਮੌਕੇ ਤੇ ਪੂੱਜੇ। ਅੰਗਰੇਜ ਸਿੰਘ ਨੇ ਦੱਸਿਆ ਕਿ ਸਾਡਾ ਸਰੀਕੇ ਨਾਲ ਹੀ ਜ਼ਮੀਨੀ ਵੰਡ ਦਾ ਵਿਵਾਦ ਚੱਲ ਰਿਹਾ ਹੈ ਸਾਨੂੰ ਇਸ ਘਟਨਾ ਪਿੱਛੇ ਕਥਿਤ ਤੌਰ ਤੇ ਉਨ੍ਹਾਂ ਤੇ ਸ਼ੱਕ ਹੈ। ਲਿਖਤੀ ਤੌਰ ਤੇ ਦਰਖਾਸਤ ਪੁਲਿਸ ਚੌਂਕੀ ਬੰਡਾਲਾ ਵਿਖੇ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਵਲੋਂ ਬਰੀਕੀ ਨਾਲ ਇਸ ਘਟਨਾ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭੋਰਸਾ ਦਿੱਤਾ ਹੈ।