ਜਲੰਧਰ,12 ਜਨਵਰੀ (ਹਰਜਿੰਦਰ ਸਿੰਘ) : ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਅੱਜ ਮੈਬਰੋਂ ਚੌਂਕ ਵਿਖੇ ਮੁੱਖ ਮੰਤਰੀ ਤੇ ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕਿਆ ਗਿਆ ਅਤੇ ਮੀਂਹ ਦੀ ਕਿਣ ਮਿਣ ਤੇ ਹੱਡ ਚੀਰਦੀ ਹਵਾ ਵਿੱਚ ਅੱਗ ਉਗਲਦੇ ਨਾਅਰੇ ਲਾਏ ਗਏ।
ਮੋਰਚਾ ਅੱਜ 33 ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ ਡਾਕਟਰ ਗੁਰਦੀਪ ਸਿੰਘ ਭੰਡਾਲ,ਹੰਸ ਰਾਜ ਪੱਬਵਾਂ, ਬੋਹੜ ਸਿੰਘ ਹਜ਼ਾਰਾ, ਸਰਬਜੀਤ ਸਿੰਘ, ਪਿੰਦੂ ਵਾਸੀ ਅਤੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਉਜਾੜੇ ਲੋਕਾਂ ਨੂੰ ਮੁੜ ਲਤੀਫ਼ਪੁਰਾ ਵਿਖੇ ਵਸਾਉਣ, ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਤੇ ਵਧੀਕੀ ਕਰਨ ਵਾਲੇ ਡੀਸੀਪੀ ਤੇਜਾ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ 16 ਜਨਵਰੀ ਨੂੰ ਜਲੰਧਰ ਸਥਿਤ ਧੰਨੋ ਵਾਲੀ ਨੇੜੇ ਹਾਈਵੇ ਤੇ ਰੇਲਵੇ ਜਾਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਕੀਤੀਆਂ ਜਾ ਰਹੀਆਂ ਹਨ। ਸੰਘਰਸ਼ ਨੂੰ ਹੋਰ ਵੱਖ ਵੱਖ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ ਹੈ।ਅੱਜ ਮੋਰਚਾ ‘ਤੇ ਪੁਲਿਸ ਪਰਿਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਘੋਤਰਾ ਸਮੇਤ ਪੂਰੀ ਟੀਮ ਵਲੋਂ ਪੁੱਜ ਕੇ ਸੰਘਰਸ਼ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ 16 ਦੇ ਜਾਮ ਵਿੱਚ ਸ਼ਿਰਕਤ ਕਰਨ ਦਾ ਯਕੀਨ ਵੀ ਦਿੱਤਾ ਗਿਆ।
ਇਸ ਮੌਕੇ ਅੱਜ ਕਰਨਜੀਤ ਸਿੰਘ ਤੇ ਮਨਪ੍ਰੀਤ ਕੌਰ ਦੇ ਸਪੁੱਤਰ ਮਨਰਾਜ ਸਿੰਘ ਦੀ ਪਹਿਲੀ ਲੋਹੜੀ ਉਸਦੇ ਦਾਦਾ ਸਰਬਜੀਤ ਸਿੰਘ ਅਤੇ ਦਾਦੀ ਅਮਰੀਕ ਕੌਰ ਵਲੋਂ ਮੋਰਚੇ ਉੱਪਰ ਹੀ ਪਾਈ ਗਈ।