ਅੰਮ੍ਰਿਤਸਰ, 10 ਜਨਵਰੀ (ਸਾਹਿਲ ਗੁਪਤਾ) : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਇਸ ਸਮੇਂ ਭਾਰਤ ਜੋੜੋ ਯਾਤਰਾ ਤੇ ਹਨ । ਮਿਲੀ ਜਾਣਕਾਰੀ ਮੁਤਾਬਿਕ ਚਾਰਟਿਡ ਫਲਾਈਟ ਰਾਹੀ ਰਾਹੁਲ ਗਾਂਧੀ ਅੰਮ੍ਰਿਤਸਰ ਵਿਖੇ ਪਹੁੰਚਣਗੇ। ਤਕਰੀਬਨ 12 ਵਜੇ ਉਹ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਰਾਹੁਲ ਗਾਂਧੀ ਦਾ ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਰਾਮਤੀਰਥ ਵਿਖੇ ਜਾਣ ਦਾ ਵੀ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਸ਼ਾਮ 4 ਵਜੇ ਅੰਬਾਲਾ ਪਰਤਣਗੇ ਅਤੇ 11 ਜਨਵਰੀ ਦੀ ਸਵੇਰ ਨੂੰ ਭਾਰਤ ਜੋੜੋ ਦੀ ਯਾਤਰਾ ਦਿੱਲੀ-ਅੰਮ੍ਰਿਤਸਰ NH-1 ‘ਤੇ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਦਾਖਲ ਹੋਵੇਗੀ।
ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਪਹਿਲੀ ਰਾਤ ਸਰਹਿੰਦ ਵਿਖੇ ਵੀ ਰੁਕਣਗੇ। ਅਜਿਹਾ ਸ਼ਾਇਦ ਇਸੇ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਰਾਹੁਲ ਦੀ ਯਾਤਰਾ ’ਚ ਅੰਮ੍ਰਿਤਸਰ ਦਾ ਕੋਈ ਰੂਟ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਯਾਤਰਾ ਐਤਵਾਰ ਨੂੰ ਕਰਨਾਲ ਤੋਂ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਦਾਖ਼ਲ ਹੋਈ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਉਹ ਅੰਬਾਲਾ ਪਹੁੰਚੇ ਜਿੱਥੇ ਉਨ੍ਹਾਂ ਨੇ ਨੁੱਕੜ ਸਭਾ ਨੂੰ ਸੰਬੋਧਨ ਵੀ ਕੀਤਾ।