ਜੰਡਿਆਲਾ ਗੁਰੂ, 08 ਜਨਵਰੀ (ਕੰਵਲਜੀਤ ਸਿੰਘ ਲਾਡੀ) : ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਾਵਰਕਾਮ ਮੈਨੇਜਮੈਂਟ ਵਲੋਂ ਅਪਣੇ ਵੱਡਮੁੱਲੇ ਖੱਪਤਕਾਰਾਂ ਨੂੰ ਬਿਜਲੀ ਬੰਦ ਹੋਣ ਦੀ ਸੂਚਨਾ ਪਹਿਲਾਂ ਹੀ ਐਸ.ਐਮ.ਐਸ ਰਾਹੀਂ ਦੇਣ ਦੀ ਸੇਵਾ ਜੰਡਿਆਲਾ ਗੁਰੂ ਵਿੱਚ ਸ਼ੁਰੂ ਕੀਤੀ ਗਈ ।ਇਸ ਤੋਂ ਪਹਿਲਾਂ ਬਟਾਲਾ, ਅੰਮ੍ਰਿਤਸਰ ਸ਼ਹਿਰੀ ਅਤੇ ਲੁਧਿਆਣਾ ਵਿੱਚ ਇਹ ਸੇਵਾ ਦਿੱਤੀ ਜਾ ਰਹੀ ਹੈ । ਇਸ ਸੇਵਾ ਦਾ ਟ੍ਰਾਇਲ ਪਾਯਲਟ ਪ੍ਰੋਜੈਕਟ ਬਟਾਲਾ ਵਿੱਚ ਸ਼ੁਰੂ ਕੀਤਾ ਗਿਆ ਸੀ ।
ਬਿਜਲੀ ਮੰਤਰੀ ਪੰਜਾਬ, ਸਰਦਾਰ ਹਰਭਜਨ ਸਿੰਘ ਈ.ਟੀ.ਓ. ETO ਵਲੋਂ ਅਪਣੀ ਬਟਾਲਾ ਫੇਰੀ ਦੋਰਾਨ ਪਾਯਲਟ ਪ੍ਰੋਜੈਕਟ ਬਟਾਲਾ ਦੀ ਕਾਫ਼ੀ ਤਾਰੀਫ ਕੀਤੀ ਗਈ ਸੀ ਅਤੇ ਇਹ ਸੇਵਾ ਪੂਰੇ ਪੰਜਾਬ ਵਿਚ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਗਈ ਸੀ।
ਬਿਜਲੀ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇਸ ਸੇਵਾ ਨੂੰ ਲਾਗੂ ਕਰਨ ਲਈ ਵਿਖੇ ਪੀ.ਐਸ.ਪੀ.ਸੀ.ਐਲ ਦੀ ਨਵੀਨਤਾ ਟੀਮ ਪਿਛਲੇ ਕਾਫੀ ਸਮੇਂ ਤੋਂ ਬੈਕ ਏਂਡ ਤੇ ਤਿਆਰੀ ਕਰ ਰਹੀ ਸੀ।
ਅੱਜ ਜੰਡਿਆਲਾ ਗੁਰੂ ਦੇ ਵੱਡਮੁੱਲੇ ਖੱਪਤਕਾਰਾਂ ਲਈ ਇਹ ਸੇਵਾ ਰਸਮੀ ਤੌਰ ਤੇ ਪਾਵਰਕਾਮ ਦੱਫਤਰ ਜੰਡਿਆਲਾ ਗੁਰੂ ਤੋਂ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ. ਵਲੋਂ ਸ਼ੁਰੂ ਕੀਤੀ ਗਈ। ਇਸ ਵਿੱਚ ਤਿੰਨ ਸਟੇਸ਼ਨਾਂ ਤੋਂ ਚਲਦੇ ਲਗਭਗ 12 ਨੰਬਰ 11ਕੇਵੀ ਫੀਡਰ ਸ਼ਾਮਿਲ ਕੀਤੇ ਗਏ ਹਨ। ਜੰਡਿਆਲਾ ਗੁਰੂ, ਮਾਨਾਵਾਲਾ, ਦਬੁਰਜੀ, ਏਕਲ ਗੱਡਾ, ਨਿੱਜਰਪੂਰਾ, ਜਹਾਂਗੀਰ, ਭੈਣੀ ਸਿੱਧਵਾਂ, ਅਮਰਕੋਟ, ਰਾਮਪੁਰਾ ਸਮੇਤ 22 ਪਿੰਡਾਂ ਦੇ ਤਕਰੀਬਨ 20,117 ਵੱਖ ਵੱਖ ਸ਼੍ਰੇਣੀਆ ਦੇ ਖੱਪਤਕਾਰਾਂ ਨੂੰ ਇਸ ਸੇਵਾ ਦਾ ਸਿੱਧਾ ਲਾਭ ਮਿਲੇਗਾ।
ਇਸ ਮੌਕੇ ਤੇ ਇੰਜ. ਬਾਲ ਕਿਸ਼ਨ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਵਲੋਂ ਬਿਜਲੀ ਮੰਤਰੀ ਜੀ ਦਾ ਸਵਾਗਤ ਕੀਤਾ ਗਿਆ ਅਤੇ ਪਾਵਰਕਾਮ ਦੇ ਨਵੀਨਤਾ ਇੰਚਾਰਜ ਇੰਜ ਪਰਉਪਕਾਰ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਇੰਜ ਬਾਲ ਕਿਸ਼ਨ ਨੇ ਕਿਹਾ ਕਿ ਪਾਵਰਕਾਮ ਅਪਣੇ ਖੱਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਇਹਨਾਂ ਸੇਵਾਵਾਂ ਦਾ ਮਿਆਰ ਹੋਰ ਉੱਚਾ ਰੱਖਣ ਦਾ ਭਰੋਸਾ ਦਿੱਤਾ।ਇਸ ਮੌਕੇ ਡਿਪਟੀ ਐਸ ਈ ਜਤਿੰਦਰ ਸਿੰਘ, ਸਤਿੰਦਰ ਸਿੰਘ, ਨਰੇਸ਼ ਪਾਠਕ, ਸਰਬਜੀਤ ਸਿੰਘ ਡਿੰਪੀ ਅਤੇ ਹਰਪਾਲ ਸਿੰਘ ਵੀ ਹਾਜ਼ਰ ਸਨ।