ਜੰਡਿਆਲਾ ਗੁਰੂ, 28 ਦਸੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ,ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਜਾਰੀ ਪੰਜਾਬ ਪੱਧਰੀ ਅੰਦੋਲਨ ਕੜਾਕੇ ਦੀ ਠੰਡ ਦੇ ਬਾਵਜੂਦ ਲਗਾਤਾਰ ਅੱਗੇ ਵੱਧ ਰਹੇ ਹਨ | ਜਿਲ੍ਹਾ ਅੰਮ੍ਰਿਤਸਰ ਦੇ ਪ੍ਰਬੰਧਕੀ ਕੰਪਲੈਕ੍ਸ ਤੇ ਲੱਗੇ ਮੋਰਚੇ ਤੋਂ ਜਾਣਕਾਰੀ ਦਿੰਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਡੀਸੀ ਦਫਤਰ ਮੋਰਚੇ ਅਤੇ 3 ਟੋਲ ਪਲਾਜ਼ਿਆ ਦੇ ਮੋਰਚਿਆਂ ਸਮੇਤ 10 ਜਿਲ੍ਹਿਆਂ ਵਿਚ 27 ਮੋਰਚਿਆਂ ਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਏ ਗਏ | ਓਹਨਾ ਕਿਹਾ ਕਿ ਅੱਜ ਲੋਕਤੰਤਰ ਹੋਣ ਦੇ ਬਾਵਜੂਦ ਵੀ ਸਰਕਾਰਾਂ ਦਾ ਰਵਈਆ ਉਸ ਸਮੇਂ ਦੇ ਸ਼ਾਸ਼ਕਾਂ ਨਾਲ ਮੇਲ ਖਾਂਦਾ ਹੈ ਸੋ ਅੱਜ ਜਰੂਰਤ ਹੈ ਕਿ ਓਹਨਾ ਦੀ ਸ਼ਹਾਦਤ ਤੋਂ ਸੇਧ ਲੈਦੇ ਹੋਏ ਸੰਘਰਸ਼ਾਂ ਦੇ ਪਿੜ ਮੱਲੇ ਜਾਣ ਤੇ ਆਪਣੇ ਅਤੇ ਸਮਾਜ ਦੀ ਸਾਂਝੇ ਮਸਲਿਆਂ ਦੇ ਹੱਲ ਕਰਵਾਏ ਜਾਣ | ਇਸ ਮੌਕੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਅਤੇ ਆਈ. ਟੀ. ਸੈੱਲ ਸਕੱਤਰ ਅਮਰਦੀਪ ਸਿੰਘ ਗੋਪੀ ਨੇ ਮਜੂਦ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੰਦੋਲਨ ਦੀਆਂ ਮੰਗਾਂ ਪ੍ਰਤੀ ਸਰਕਾਰ ਲਗਾਤਾਰ ਅਵੇਸਲਾਪਨ ਦਿਖਾਉਣ ਦੀ ਗ਼ਲਤੀ ਕਰ ਰਹੀ ਹੈ ਜੋ ਕਿ ਸਰਕਾਰ ਦੇ ਗਲੇ ਦੀ ਹੱਡੀ ਬਣੇਗਾ | ਓਹਨਾ ਕਿਹਾ ਕਿ ਕੜਾਕੇ ਦੀ ਸਰਦੀ ਦੇ ਬਾਵਜੂਦ ਅੰਦੋਲਨ ਅੱਗੇ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਬੁਲੰਦੀਆਂ ਛੂਹੇਗਾ | ਓਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸੰਘੀ ਢਾਂਚੇ ਤੇ ਕੀਤੇ ਜਾ ਰਹੇ ਹਮਲੇ ਤੇ ਚੁੱਪੀ ਸਾਧ ਕੇ ਪੰਜਾਬ ਦੇ ਖਿਲਾਫ ਭੁਗਤ ਰਿਹਾ ਹੈ।
ਓਹਨਾ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਜੀ ਟੋਲ ਪਲਾਜ਼ਿਆ ਨੂੰ ਨਾਜਾਇਜ਼ ਦੱਸ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਵਿਚ ਨਵੇਂ ਟੋਲ ਪਲਾਜ਼ੇ ਲੱਗ ਰਹੇ ਹਨ ਪਰ ਮੁਖ ਮੰਤਰੀ ਜੀ ਇਹਨਾਂ ਤੇ ਬਿਲਕੁਲ ਚੁੱਪ ਹਨ | ਇਸ ਤੋਂ ਸਾਫ ਹੁੰਦਾ ਕਿ ਸਰਕਾਰ ਸਿਰਫ ਲੋਕਾਂ ਵਿਚ ਪ੍ਰਚਾਰ ਲੈਣ ਲਈ ਦੋਗਲੀ ਨੀਤੀ ਆਪਣਾ ਰਹੀ ਹੈ | ਓਹਨਾ ਕਿਹਾ ਕਿ ਅੱਜ ਅੰਦੋਲਨ 33ਵੇਂ ਦਿਨ ਵਿਚ ਪਹੁੰਚ ਚੁੱਕਾ ਹੈ ਅਤੇ ਟੋਲ ਪਲਾਜ਼ੇ ਲਗਾਤਰ 14ਵੇਂ ਦਿਨ ਫ੍ਰੀ ਰਹੇ | ਓਹਨਾ ਟੋਲ ਕੰਪਨੀਆਂ ਨੂੰ ਇੱਕ ਵਾਰ ਫਿਰ ਤੋਂ ਅਗਾਹ ਕੀਤਾ ਕਿ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਕੱਟਣ ਜਾ ਟੋਲ ਫੀਸ ਵਧਾਉਣ ਦੀ ਸੂਰਤ ਵਿਚ ਟੋਲ ਪਲਾਜ਼ੇ ਖਾਲੀ ਨਹੀਂ ਕੀਤੇ ਜਾਣਗੇ | ਓਹਨਾ ਕਿਹਾ ਕਿ ਭਗਤ ਸਿੰਘ ਦੀ ਸੋਚ ਤੇ ਕੰਮ ਕਰਨ ਦਾ ਡਰਾਮਾ ਕਰਨ ਵਾਲੀ ਸਰਕਾਰ ਦੇ ਸਾਹਮਣੇ ਅੱਜ ਓਹੀ ਸਭ ਮੰਗਾਂ ਹਨ ਜੋ ਸ਼ਹੀਦਾਂ ਦੇ ਸੁਪਨੇ ਸਨ, ਮੋਰਚੇ ਦੀਆਂ ਮੁਖ ਮੰਗਾਂ ਵਿਚ ਹੈ ਕਿ ਸਰਕਾਰ ਵੱਲੋ ਬਣਿਆ 17.5 ਏਕੜ ਜਮੀਨ ਹੱਦਬੰਦੀ ਕਨੂੰਨ ਲਾਗੂ ਕਰਕੇ ਧਨਾਢ ਤੇ ਰਸੂਖਦਾਰ ਕਿਸਮ ਦੇ ਲੋਕਾਂ ਵੱਲੋ ਦੱਬੀਆਂ ਸਰਪਲੱਸ ਜਮੀਨਾਂ ਲੈ ਕੇ ਬੇਜਮੀਨੇ ਕਿਸਾਨਾਂ ਮਜਦੂਰਾਂ ਵਿਚ ਵੰਡੀਆਂ ਜਾਣ, ਨਸ਼ਾ ਮੁਕਤ ਸਮਾਜ ਬਨਾਉਣ ਲਈ ਬੇਰੁਜ਼ਗਾਰੀ ਅਤੇ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕੱਸੀ ਜਾਵੇ, ਝੋਨੇ ਦੇ ਬਦਲ ਦੇ ਰੂਪ ਵਿਚ ਘਟ ਪਾਣੀ ਲੈਣ ਵਾਲਿਆਂ ਫਸਲਾਂ ਐੱਮ ਐੱਸ ਪੀ ਤੇ ਖਰੀਦੀਆਂ ਜਾਣ, ਪਾਣੀ ਪ੍ਰਦੂਸ਼ਿਤ ਕਰ ਰਹੀਆਂ ਜੀਰਾ ਸ਼ਰਾਬ ਫੈਕਟਰੀ ਸਮੇਤ ਸਾਰੀਆਂ ਮਿੱਲਾਂ ਤੇ ਸ਼ਖਤ ਕਾਰਵਾਈ ਕੀਤੀ ਜਾਵੇ, ਮੋਰਚਿਆਂ ਚ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਸਾਰੇ ਪਰਿਵਾਰਾਂ ਨੂੰ ਵਾਅਦੇ ਅਨੁਸਾਰ ਨੌਕਰੀ ਅਤੇ ਮੁਆਵਜੇ ਦਿੱਤੇ ਜਾਣ,
ਮਜਦੂਰਾਂ ਕਿਸਾਨਾਂ ਦੇ ਸਮੁਚੇ ਕਰਜ਼ੇ ਖਤਮ ਕੀਤੇ ਜਾਣ, ਕੇਰਲ ਸਰਕਾਰ ਵਾਂਙ ਸਬਜ਼ੀਆਂ ਤੇ ਐੱਮ ਐੱਸ ਪੀ ਦਾ ਗਰੰਟੀ ਕਨੂੰਨ ਬਣੇ, ਫਸਲਾਂ ਦੇ ਭਾਅ ਸਵਾਮੀਨਾਥਨ ਦੀ ਰਿਪੋਟ ਅਨੁਸਾਰ ਦਿੱਤੇ ਜਾਣ, ਮਜਦੂਰਾਂ ਦੇ ਮਨਰੇਗਾ ਵਿਚਲੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਪੰਜਾਬ ਅਤੇ ਭਾਰਤ ਸਰਕਾਰ ਮਨਰੇਗਾ ਰੁਜ਼ਗਾਰ ਪੈਦਾ ਕਰਕੇ ਸਾਲ ਦੇ 365 ਦਿਨ ਰੁਜ਼ਗਾਰ ਦੇਵੇ, ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜ਼ੇ ਖਤਮ ਕਰਕੇ ਮੁਆਵਜਾ ਦਿੱਤਾ ਜਾਵੇ, ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੱਖ ਅਤੇ ਜੇਲ੍ਹਾਂ ਚ ਡੱਕੇ ਬੁਧੀਜੀਵੀ ਤੇ ਸਮਾਜਿਕ ਕਾਰਕੁਨ ਰਿਹਾਅ ਕੀਤੇ ਜਾਣ, ਬੇਅਦਬੀਆਂ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਤੇ ਜਲਦ ਕਰਵਾਈ ਕੀਤੀ ਜਾਵੇ। ਇਸ ਮੌਕੇ ਵੱਖ ਵੱਖ ਜਗ੍ਹਾ ਤੇ ਲੱਗੇ ਮੋਰਚਿਆਂ ਤੇ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਚਰਨ ਸਿੰਘ ਕਲੇਰ ਘੁੰਮਾਣ, ਸੂਬਾ ਸਿੰਘ ਵਜ਼ੀਰ ਭੁੱਲਰ, ਨਿਰਮਲ ਸਿੰਘ ਖਾਨਪੁਰ, ਨਿਰਮਲ ਸਿੰਘ ਚੂੰਗ, ਬਲਵਿੰਦਰ ਸਿੰਘ ਸੈਦੁਕੇ, ਰਣਜੀਤ ਸਿੰਘ ਚਾਟੀਵਿੰਡ, ਗੁਰਵੇਲ ਸਿੰਘ ਚਾਟੀਵਿੰਡ, ਸ਼ੇਰ ਸਿੰਘ ਭੀਲੋਵਾਲ, ਚਰਨਜੀਤ ਸਿੰਘ ਸਫ਼ੀਪੁਰ,ਰੇਸ਼ਮ ਸਿੰਘ, ਪ੍ਰਗਟ ਸਿੰਘ, ਅਮਨਿੰਦਰ ਸਿੰਘ ਮਾਲੋਵਾਲ, ਹਰਮੀਤ ਸਿੰਘ ਧੀਰੇਕੋਟ, ਬਲਦੇਵ ਸਿੰਘ ਭੰਗੂ, ਸਤਨਾਮ ਸਿੰਘ ਧਾਰੜ ਨੇ ਵੀ ਸੰਬੋਧਨ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜਦੂਰ ਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ।