ਜੰਡਿਆਲਾ ਗੁਰੂ, 24 ਦਸੰਬਰ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸਹੋਤਾ) : ਭਾਰਤ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ, ਪਿੰਡਾਂ ‘ਚ ਲਗਾਤਾਰ ਪ੍ਰਚਾਰ ਤਹਿਤ ਸਮਾਗਮ ਕਰ ਰਹੇ ਦੇਸ਼ ਦੇ ਸੰਤ ਸਿਪਾਹੀ ਵਿਚਾਰ ਮੰਚ ਵੱਲੋਂ ਬੀਤੇ ਦਿਨ 22 ਦਿਸੰਬਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਦਿੱਲੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 356ਵਾਂ ਪ੍ਰਕਾਸ਼ ਦਿਹਾੜਾ ਕਲੰਡਰੀ ਇਤਿਹਾਸਕ ਤਰੀਕਾਂ ਮੁਤਾਬਕ ਗੁਰੂ ਸਾਹਿਬ ਨੂੰ ਸਮਰਪਿਤ ਹੋਕੇ ਮਨਾਇਆ ਗਿਆ। ਮੰਚ ਦੇ ਕੋ-ਆਰਡੀਨੇਟਰ ਸ. ਹਰੀ ਸਿੰਘ ਮਥਾਰੂ ਜੀ ਨੇ ਕੌਮ ਨੂੰ ਸੁਚੇਤ ਹੋਣ ਦਾ ਸੁਨੇਹਾ ਦਿੱਤਾ ਤੇ ਆਖਿਆ ਕਿ ਸਾਨੂੰ ਅਸਲ ਤਰੀਕਾਂ ਨਹੀਂ ਭੁਲਣੀਆਂ ਚਾਹੀਦੀਆਂ। ਓਹਨਾਂ ਕਿਹਾ ਕਿ ਹਰ ਸਾਲ ਸਾਡੇ ਗੁਰੂ ਸਾਹਿਬਾਨ, ਭਗਤਾਂ, ਸਿੰਘਾਂ, ਸ਼ਹੀਦਾਂ ਦੇ ਪੁਰਬਾਂ ਦਾ ਵੱਖ ਵੱਖ ਤਰੀਕਾਂ ‘ਤੇ ਆਉਣਾ ਲਗਾਤਾਰ ਸਾਨੂੰ ਦੁਚਿੱਤੀ ‘ਚ ਪਾ ਰਿਹਾ ਹੈ। ਹਰ ਸਾਲ ਵੱਖ ਵੱਖ ਤਰੀਕਾਂ ‘ਤੇ ਪੁਰਬ ਆਉਣ ਨਾਲ ਸਾਡੀ ਕੌਮ ਇਤਿਹਾਸਕ ਤਰੀਕਾਂ ਨਾਲੋਂ ਲਗਾਤਾਰ ਟੁੱਟ ਰਹੀ ਹੈ। ਬੱਚਿਆਂ ਨੂੰ ਸਕੂਲੀ ਕਿਤਾਬਾਂ ਤੋਂ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹੋਰ ਸਥਾਨਕ ਕਮੇਟੀਆਂ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਬਾਹਰ ਲੱਗੇ ਬੋਰਡ, ਗੂਗਲ, ਸੋਸ਼ਲ ਸਾਈਟਸ, ਗੁਰਦੁਆਰਾ ਕਮੇਟੀਆਂ ਦੀਆਂ ਵੈੱਬ ਸਾਈਟਸ ‘ਤੇ ਜੋ ਤਰੀਕਾਂ ਦਰਸਾਈਆਂ ਗਈਆਂ ਹਨ, ਉਹਨਾਂ ਮੁਤਾਬਕ ਦਿਨ ਨਾ ਮਨਾਉਣੇ ਵੀ ਕੌਮ ‘ਚ ਇਤਿਹਾਸਕ ਪੱਖ ਨੂੰ ਲੈਕੇ ਵਖਰੇਵਾਂ ਪਾ ਰਹੇ ਹਨ ਅਤੇ ਹਰ ਸਾਲ ਹੋਰ ਤਰੀਕਾਂ ‘ਤੇ ਜਾਂ ਦੋ ਵਾਰ ਪੁਰਬ ਮਨਾਉਣੇ ਵੀ ਲਗਾਤਾਰ ਦੁਚਿੱਤੀ ਪੈਦਾ ਕਰ ਰਹੇ ਹਨ, ਜਿਸ ਤਰ੍ਹਾਂ ਇਸ ਸਾਲ 2022 ‘ਚ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ ਜਾ ਰਿਹਾ ਹੈ।
ਮਥਾਰੂ ਜੀ ਨੇ ਕਿਹਾ ਬੱਚਿਆਂ ਨੂੰ ਵੈਲਨਟਾਇਨ ਡੇਅ, ਕ੍ਰਿਸਮਸ ਡੇਅ,ਨਵਾਂ ਸਾਲ ਤਾਂ ਪੱਕੇ ਤੌਰ ‘ਤੇ ਪਤਾ ਹੈ ਪਰ ਸਾਡੇ ਗੁਰੂਆਂ,ਭਗਤਾਂ,ਭੱਟਾਂ, ਸ਼ਹੀਦ ਸਿੰਘਾਂ ਦੀਆਂ ਤਰੀਕਾਂ ਦਾ ਕੋਈ ਪਤਾ ਨਹੀਂ, ਜੋ ਦੁੱਖ ਭਰੀ ਗੱਲ ਹੈ। ਮੰਚ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਆਯੋਜਿਤ ਕੀਤਾ ਜਿਸ ਵਿੱਚ ਪੰਥਕ ਕਵੀ ਗੁਰਚਰਨ ਸਿੰਘ ਚਰਨ, ਗੁਰਚਰਨ ਸਿੰਘ ਚੰਨ,ਮਨਜੀਤ ਕੌਰ ਪਹੁਵਿੰਡ, ਜਤਿੰਦਰ ਕੌਰ ਆਨੰਦਪੁਰੀ, ਗੁਰਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਸਮਾਗਮ ਦਾ ਮੰਚ ਸੰਚਾਲਨ ਕਥਾਵਾਚਕ ਸ. ਜੋਗਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਗੁਰਬਾਣੀ ਵਿਚਾਰ ਸਾਂਝੇ ਕਰਦਿਆਂ ਕੀਤਾ। ਅਖੀਰ ਚ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸ. ਬੇਦੀ ਨੇ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਮਾਪਿਆਂ ਨੂੰ ਸੁਨੇਹਾ ਦਿੱਤਾ ਕਿ ਬੱਚਿਆਂ ਨੂੰ ਗੁਰੂ ਘਰ ਅਤੇ ਗੁਰੂ ਇਤਿਹਾਸ ਨਾਲ ਜੋੜਨ ਦਾ ਫਰਜ਼ ਨਿਭਾਉਣ।