ਮਾਛੀਵਾੜਾ ਸਾਹਿਬ, 8 ਦਸੰਬਰ (ਭੂਸ਼ਨ ਬਾਂਸਲ, ਕੁਲਵਿੰਦਰ ਬੇਦੀ) : ਟੁੱਟੀਆਂ ਸੜਕਾਂ ਦੇ ਗੰਭੀਰ ਮੁੱਦੇ ਨੂੰ ਲੈ ਕੇ ਸਰਗਰਮ ਚੱਲ ਰਹੀ ‘‘ਸੜਕ ਸੁਧਾਰ ਸੰਘਰਸ਼ ਕਮੇਟੀ’’ ਵੱਲੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਦੂਜੇ ਦਿਨ ਵੀ ਪ੍ਰਭਾਵਸ਼ਾਲੀ ਰਿਹਾ। ਸੰਘਰਸ਼ ਕਮੇਟੀ ਦੇ ਆਗੂ ਅੰਮ੍ਰਿਤਪਾਲ ਸਮਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਰੋਸ ਧਰਨੇ ਦੇ ਦੂਜੇ ਦਿਨ ਬਾਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਕਰਨੈਲ ਸਿੰਘ ਢਿੱਲੋਂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ, ਐਡਵੋਕੇਟ ਕੇ.ਐੱਸ. ਦੀਵਾ, ਐਡਵੋਕੇਟ ਉੱਤਮ ਚੰਦ, ਐਡਵੋਕੇਟ ਲਵਦੇਸ਼ ਖੁੱਲਰ ਆਪਣੇ ਸਾਥੀ ਵਕੀਲਾਂ ਨਾਲ ਪੁੱਜੇ, ਜਿਨ੍ਹਾਂ ਵੱਲੋਂ ਸੰਘਰਸ਼ ਕਮੇਟੀ ਦਾ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ।
ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਹ ਫਰਜ਼ ਹੁੰਦਾ ਹੈ ਕਿ ਲੋਕ ਹਿੱਤਾਂ ਦੀ ਲੜਾਈ ਲੜ ਰਹੇ ਲੋਕਾਂ ਦੀ ਸਮੱਸਿਆ ਨੂੰ ਸੁਣਨ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਸੰਘਰਸ਼ ਵਿਚ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਪੁੱਜਿਆ ਹੈ ਅਤੇ ਨਾ ਹੀ ਸਬੰਧਤ ਵਿਭਾਗ ਦਾ ਕੋਈ ਅਫ਼ਸਰ। ਅਜਿਹੇ ਵਿਚ ਇਹ ਲੋਕ ਸੰਘਰਸ਼ ਨਾ ਕਰਨ, ਤਾਂ ਫੇਰ ਹੋਰ ਕੀ ਕਰਨ, ਕਿਉਂਕਿ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ।
ਇਸ ਮੌਕੇ ਮਾ. ਉਜਾਗਰ ਸਿੰਘ ਬੈਨੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਯੂਥ ਪ੍ਰਧਾਨ ਜਸਪਾਲ ਸਿੰਘ ਜੱਜ ਨੇ ਬੋਲਦਿਆਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਫੇਲ੍ਹ ਸਾਬਿਤ ਹੁੰਦੀ ਹੈ, ਉਨ੍ਹਾਂ ਨੂੰ ਜਨਤਾ ਕੁਰਸੀ ਤੋਂ ਲਾਂਭੇ ਕਰਨ ਲੱਗਿਆਂ ਦੇਰ ਨਹੀਂ ਲਗਾਉਂਦੀ, ਜਿਸਦਾ ਨਤੀਜਾ ਆਪਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਤੱਖ ਦੇਖ ਲਿਆ ਹੈ। ਕਿਰਤੀ ਕਾਮਿਆਂ ਦੇ ਆਗੂ ਕਾਮਰੇਡ ਰਣਜੀਤ ਸਿੰਘ, ਚੌਕੀਦਾਰਾ ਯੂਨੀਅਨ ਦੇ ਆਗੂ ਪਰਮਜੀਤ ਸਿੰਘ ਨੀਲੋਂ ਤੇ ਛਿੰਦਰਪਾਲ ਸਿੰਘ ਗੜ੍ਹੀ, ਬਸਪਾ ਆਗੂ ਰਵਿੰਦਰਪਾਲ ਸਿੰਘ, ਭਾਜਪਾ ਆਗੂ ਰਾਜੇਸ਼ ਲੀਹਲ, ਨੰਬਰਦਾਰ ਡਾ. ਦਰਸ਼ਨ ਸਿੰਘ, ਲੋਕ ਚੇਤਨਾ ਲਹਿਰ ਦੇ ਸੰਤੋਖ ਸਿੰਘ ਨਾਗਰਾ ਅਤੇ ਫਿਲਮੀ ਅਦਾਕਾਰ ਕੁਲਵੀਰ ਸਿੰਘ ਮੁਸ਼ਕਾਬਾਦ ਵੱਲੋਂ ਵੀ ਸਰਕਾਰ ਦੇ ਇਸ ਨਾਂਹਪੱਖੀ ਰਵੱਈਏ ਦੀ ਜੰਮ ਕੋ ਅਲੋਚਨਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਲਗਦਾ ਹੈ ਕਿ ਇਹ ਸੰਘਰਸ਼ ਕੁਝ ਦਿਨਾਂ ਮਗਰੋਂ ਉੱਠ ਜਾਵੇਗਾ, ਤਾਂ ਇਹ ਸਰਕਾਰ ਦੀ ਗਲਤਫਹਿਮੀ ਹੈ। ਉਨ੍ਹਾਂ ਤਹੱਈਆ ਕੀਤਾ ਕਿ ਜਿੰਨੀ ਦੇਰ ਤੱਕ ਸੜਕਾਂ ਬਣਨ ਨਹੀਂ ਲੱਗ ਜਾਂਦੀਆਂ ਜਾਂ ਫਿਰ ਬਣਾਏ ਜਾਣ ਸਬੰਧੀ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ, ਓਨੀ ਦੇਰ ਤੱਕ ਇਹ ਸੰਘਰਸ਼ ਨਿਰੰਤਰ ਚੱਲੇਗਾ। ਆਗੂਆਂ ਨੇ ਕਿਹਾ ਕਿ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਲੋਕਾਂ ਨੂੰ ਆਪਣੀਆਂ ਬੁਨਿਆਦੀ ਸਹੂਲਤਾਂ ਲੈਣ ਲਈ ਵੀ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ।
ਅੱਜ ਦੇ ਸੰਘਰਸ਼ ’ਚ ਹਰਬੰਸ ਲਾਲ ਚਾਨਣਾ, ਸਰਬਜੀਤ ਸਿੰਘ ਲੌਂਗੀਆ, ਰਜਿੰਦਰ ਕੁਮਾਰ, ਕੁਲਵੰਤ ਕੌਰ ਨੀਲੋਂ, ਸਾਧਵੀ ਰਾਣੀ, ਗੁਰਮੀਤ ਕੌਰ, ਜਸਪ੍ਰੀਤ ਸਿੰਘ ਜੱਸਾ, ਸੰਤੋਖ ਸਿੰਘ ਲੌਂਗੀਆ, ਬਲਬੀਰ ਸਿੰਘ ਢਿੱਲੋਂ, ਅਜੀਤ ਸਿੰਘ, ਬਿੰਨੀ ਬਵੇਜਾ, ਹਰਬੰਸ ਸਿੰਘ ਮਾਨ, ਮੇਜਰ ਸਿੰਘ, ਰਾਕੇਸ਼ ਗੁਪਤਾ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਰਾਜਵੰਤ ਸਿੰਘ, ਇੰਦਰਜੀਤ ਸਿੰਘ ਜੈਸਵਾਲ, ਸ਼ੇਰ ਸਿੰਘ ਅਤੇ ਰਘਬੀਰ ਸਿੰਘ ਸੈਣੀ ਆਦਿ ਸ਼ਾਮਿਲ ਹੋਏ।
ਆਂਗਨਵਾੜੀ ਆਗੂ ਤੇ ਸਮਾਜ ਸੇਵਿਕਾ ਬੀਬੀ ਕੁਲਵੰਤ ਕੌਰ ਨੀਲੋਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ‘‘ਸੜਕ ਸੁਧਾਰ ਸੰਘਰਸ਼ ਕਮੇਟੀ’’ ਦਾ ਨਿਠ ਕੇ ਸਾਥ ਨਿਭਾਏਗੀ। ਉਨ੍ਹਾਂ ਕਿਹਾ ਕਿ ਅਸੀਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮੀਟਿੰਗ ਕਰਕੇ ਸੰਘਰਸ਼ ਕਮੇਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਨਿਭਾਵਾਂਗੇ। ਉਨ੍ਹਾਂ ਆਮ ਲੋਕਾਂ ਅਤੇ ਘਰ ਬੈਠੀਆਂ ਬੀਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਨਗਰੀ ਮਾਛੀਵਾੜਾ ਸਾਹਿਬ ਦੀਆਂ ਖਸਤਾ ਹਾਲਤ ਸੜਕਾਂ ਲਈ ਕੀਤੇ ਜਾ ਰਹੇ ਇਸ ਸੰਘਰਸ਼ ਵਿਚ ਸਾਥ ਦੇਣ, ਤਾਂ ਕਿ ਜਲਦੀ ਤੋਂ ਜਲਦੀ ਸਰਕਾਰ ਪਾਸੋਂ ਇਹ ਸੜਕਾਂ ਨਵੀਂਆਂ ਬਣਵਾਈਆਂ ਜਾ ਸਕਣ।