ਸਮਰਾਲਾ,ਮਾਛੀਵਾੜਾ ਸਾਹਿਬ 7 ਦਸੰਬਰ (ਭੂਸ਼ਨ ਬਾਂਸਲ/ ਕੁਲਵਿੰਦਰ ਸਿੰਘ ਬੇਦੀ ) : ਸੜਕ ਸੁਧਾਰ ਸੰਘਰਸ਼ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਹਲਕਾ ਸਮਰਾਲਾ ਦੀਆਂ ਟੁੱਟੀਆਂ ਸੜਕਾਂ ਦੇ ਵਿਰੋਧ ’ਚ ਸੰਘਰਸ਼ ਲੜਦੀ ਆ ਰਹੀ ਹੈ। ਜਿਨ੍ਹਾਂ ਵੱਲੋਂ ਅੱਜ ਸਥਾਨਕ ਗਨੀ ਖਾਂ ਨਬੀ ਖਾਂ ਗੇਟ ਵਿਖੇ ਅਣਮਿੱਥੇ ਸਮੇਂ ਲਈ ਪੱਕਾ ਰੋਸ ਧਰਨਾ ਲਗਾ ਦਿੱਤਾ ਗਿਆ ਹੈ। ਸੰਘਰਸ਼ ਦੀ ਅਗਵਾਈ ਕਰਨ ਵਾਲੇ ਅੰਮ੍ਰਿਤਪਾਲ ਸਮਰਾਲਾ, ਹਰਬੰਸ ਲਾਲ ਚਾਨਣਾ, ਸਰਬਜੀਤ ਸਿੰਘ ਲੌਂਗੀਆ, ਪਰਮਜੀਤ ਸਿੰਘ ਨੀਲੋਂ, ਰਵਿੰਦਰਪਾਲ ਸਿੰਘ, ਰਜਿੰਦਰ ਕੁਮਾਰ ਅਤੇ ਨੰਬਰਦਾਰ ਡਾ. ਦਰਸ਼ਨ ਸਿੰਘ ਨੇ ਦੱਸਿਆ ਹਲਕਾ ਸਮਰਾਲਾ ਦੀਆਂ ਤਿੰਨ ਪ੍ਰਮੁੱਖ ਸੜਕਾਂ ਗੜ੍ਹੀ ਪੁਲ਼ ਤੋਂ ਸਤਲੁਜ ਪੁਲ਼, ਮਾਛੀਵਾੜਾ ਤੋਂ ਪਵਾਤ ਪੁਲ਼ ਅਤੇ ਸਮਰਾਲਾ ਤੋਂ ਝਾੜ ਸਾਹਿਬ ਤੱਕ ਦੀ ਹਾਲਤ ਐਨੀ ਕੁ ਮਾੜੀ ਹੋ ਚੁੱਕੀ ਹੈ ਕਿ ਹੁਣ ਇਨ੍ਹਾਂ ਸੜਕਾਂ ’ਤੇ ਸਿਵਾਏ ਟੋਇਆਂ ਤੋਂ ਹੋਰ ਕੁਝ ਨਹੀਂ ਲੱਭਦਾ। ਆਏ ਦਿਨ ਇਨ੍ਹਾਂ ਸੜਕਾਂ ’ਤੇ ਹਾਦਸੇ ਵਾਪਰ ਰਹੇ ਹਨ ਅਤੇ ਜਾਨੀ ਨੁਕਸਾਨ ਵੀ ਝੇਲਣੇ ਪੈ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਨਹੀਂ ਕਰਵਾ ਦਿੱਤਾ ਜਾਂਦਾ, ਓਨੀ ਦੇਰ ਤੱਕ ਇਹ ਰੋਸ ਧਰਨਾ ਜਾਰੀ ਰਹੇਗਾ।
ਅੱਜ ਦੇ ਰੋਸ ਧਰਨੇ ’ਚ ਵੱਡੀ ਗਿਣਤੀ ’ਚ ਪੁੱਜੇ ਆੜ੍ਹਤੀਆਂ ਹਰਜਿੰਦਰ ਸਿੰਘ ਖੇੜਾ, ਤੇਜਿੰਦਰ ਸਿੰਘ ਕੂੰਨਰ, ਟਹਿਲ ਸਿੰਘ ਔਜਲਾ, ਗੁਰਨਾਮ ਸਿੰਘ ਨਾਗਰਾ, ਅਰਵਿੰਦਰਪਾਲ ਸਿੰਘ ਵਿੱਕੀ, ਹਰਿੰਦਰਮੋਹਨ ਸਿੰਘ ਕਾਲੜਾ, ਪਰਮਿੰਦਰ ਸਿੰਘ ਗੁਲਿਆਣੀ, ਨਿਤਿਨ ਜੈਨ, ਜੈਦੀਪ ਸਿੰਘ ਕਾਹਲੋਂ ਵੱਲੋਂ ਸੰਘਰਸ਼ ਕਮੇਟੀ ਨੂੰ ਪੂਰਨ ਸਹਿਯੋਗ ਦਿੰਦਿਆਂ ਕਿਹਾ ਗਿਆ ਕਿ ਸੱਤਾਧਾਰੀ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਦੂਜੇ ਰਾਜਾਂ ਦੀਆਂ ਚੋਣਾਂ ਵਿਚ ਵਿਅਸਤ ਹੈ। ਉਨ੍ਹਾਂ ਕਿਹਾ ਕਿ ਖਸਤਾ ਹਾਲਤ ਸੜਕਾਂ ਕਾਰਨ ਮਾਛੀਵਾੜਾ ਇਲਾਕੇ ਦੇ ਵਪਾਰ ’ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਕਰ ਰਹੇ ਨੌਜਵਾਨਾਂ ਤੋਂ ਵਧ ਚੜ੍ਹ ਕੇ ਸਾਥ ਦੇਣ, ਕਿਉਂਕਿ ਇਹ ਆਪਣੇ ਕਿਸੇ ਨਿੱਜੀ ਮੁਫਾਦ ਲਈ ਇਹ ਸੰਘਰਸ਼ ਨਹੀਂ ਲੜ ਰਹੇ ਹਨ।
ਆਗੂਆਂ ਨੇ ਕਿਹਾ ਕਿ ਇਹ ਰੋਸ ਧਰਨਾ ਸੜਕ ਦੇ ਕੰਢੇ ਲਗਾਇਆ ਗਿਆ ਹੈ, ਤਾਂ ਜੋ ਆਮ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਪਰ ਜੇਕਰ ਫੇਰ ਵੀ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਨਾ ਖੁੱਲ੍ਹੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਰੋਸ ਧਰਨਾ ਦਿਨ-ਰਾਤ ਲਈ, ਭੁੱਖ ਹੜਤਾਲ, ਚੱਕਾ ਜਾਮ ਅਤੇ ਵਿਧਾਇਕ ਦੇ ਘਰ ਦਾ ਘਿਰਾਓ ਕਰਨ ਵਾਲੇ ਸੰਘਰਸ਼ਾਂ ਨੂੰ ਵੀ ਅੰਜਾਮ ਦਿੱਤਾ ਜਾਵੇਗਾ। ਰੋਸ ਧਰਨੇ ’ਚ ਮਨਮੋਹਨ ਸਿੰਘ ਖੇੜਾ, ਗੁਰਤੇਜਪਾਲ ਸਿੰਘ ਭਗਵਾਨਪੁਰਾ, ਨੀਰਜ ਸਿਹਾਲਾ, ਦੀਪ ਦਿਲਬਰ, ਜਸਪਾਲ ਸਿੰਘ ਜੱਜ, ਸਰਬਜੀਤ ਸਿੰਘ ਘੁੰਮਣ, ਅਮਰੀਕ ਸਿੰਘ ਧਾਲੀਵਾਲ, ਰਾਜਵੰਤ ਸਿੰਘ ਰਾਜੂ, ਸਿਮਰਨਜੀਤ ਸਿੰਘ ਗੋਗੀਆ, ਮੋਹਨ ਸਿੰਘ ਬਾਲਿਓਂ, ਸੁਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਮਾਨ, ਮਨਰਾਜ ਸਿੰਘ ਲੁਬਾਣਗੜ੍ਹ, ਬਲਬੀਰ ਸਿੰਘ ਢਿੱਲੋਂ, ਅਸ਼ੋਕ ਮਨੋਚਾ, ਬਰਕਤਪਾਲ ਸਿੰਘ ਰੰਧਾਵਾ, ਅਜੀਤ ਸਿੰਘ, ਦੇਵਰਾਜ, ਬਰਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸਾ, ਜਗਜੀਤ ਸਿੰਘ, ਕੁਲਵੰਤ ਕੌਰ ਨੀਲੋਂ, ਸਾਧਵੀ ਰਾਣੀ, ਰੇਣੂੰ ਬੈਂਸ, ਆਦਿ ਸ਼ਾਮਿਲ ਹੋਏ।