ताज़ा खबरपंजाब

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 15 ਦਸੰਬਰ ਤੋਂ 15 ਜਨਵਰੀ ਤੱਕ ਕੀਤੇ ਜਾਣਗੇ ਰੋਡ ਟੋਲ ਫਰੀ

ਜੰਡਿਆਲਾ ਗੁਰੂ 05 ਦਸੰਬਰ (ਕੰਵਲਜੀਤ ਸਿੰਘ ਲਾਡੀ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫਤਰਾਂ ਤੇ ਚਲ ਰਹੇ‌ ਲੰਬੇ ਸਮੇਂ ਦੇ ਮੋਰਚਿਆਂ ਦੇ ਨੌਂਵੇਂ ਦਿਨ, ਡੀ ਸੀ ਦਫਤਰ ਅੰਮ੍ਰਿਤਸਰ ਤੋਂ, ਪ੍ਰੈਸ ਕਾਨਫਰੰਸ ਕਰਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੀਤੀ ਸ਼ਾਮ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ, ਸਰਕਾਰ ਦੇ ਲੋਕਾਂ ਦੇ ਮੁਦਿਆਂ ਪ੍ਰਤੀ ਉਦਾਸੀਨ‌ ਰਵਈਏ ਦੇ ਚਲਦੇ,ਆਉਣ ਵਾਲੇ ਸਮੇਂ ਵਿਚ ਐਕਸ਼ਨ ਪ੍ਰੋਗਰਾਮ ਨੂੰ ਲੈ ਕੇ, ਅਹਿਮ ਫੈਸਲੇ ਲਏ ਗਏ ਹਨ।

ਜਿਨ੍ਹਾਂ ਵਿਚ ਮੁੱਖ ਤੌਰ ਤੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਆਮ ਜਨਤਾ ਲਈ ਸੜਕਾਂ ਟੋਲ ਫ਼ਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ,‌ ਓਹਨਾ ਕਿਹਾ ਕਿ ਜਥੇਬੰਦੀ ਇਹ ਵੀ ਗਰੰਟੀ ਕਰੇਗੀ ਕਿ ਇਸ ਅਰਸੇ ਦੌਰਾਨ ਟੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਕੰਪਨੀਆਂ ਕੋਲੋਂ ਦਵਾਈਆਂ ਜਾਣ। ਅੱਗੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ 12 ਦਸੰਬਰ ਨੂੰ ਪੰਜਾਬ ਸਰਕਾਰ ਦੇ ਐਮ ਐਲ ਏ ਅਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਨੌਂ ਦੇਣ ਤੋਂ ਜਥੇਬੰਦੀਆਂ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਡੀਸੀ ਦਫ਼ਤਰਾਂ ਤੇ ਧਰਨੇ ਲਾ ਕੇ ਜਨਤਾ ਦੀਆਂ ਮੰਗਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਰੱਖ ਰਹੀ ਹੈ ਪਰ ਸਰਕਾਰ ਦੇ ਕੰਨ ਉਤੇ ਜੂੰ ਨਹੀਂ ਸਰਕ ਰਹੀ ਸੋ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 7 ਦਸੰਬਰ ਨੂੰ ਡੀਸੀ ਦਫਤਰਾਂ ਦੇ ਗੇਟਾਂ ਤੇ 4 ਘੰਟੇ ਦੇ ਧਰਨੇ ਲਗਾਏ ਜਾਣਗੇ। ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦੇਂਦੇ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਨਾਲ਼ ਸਬੰਧਤ ਮੰਗਾਂ ਲਈ 5 ਦਸੰਬਰ ਨੂੰ ਕੇਂਦਰ ਦੇ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦਿੱਤੇ ਜਾਣਗੇ, ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਵਿਚ ਇਨ੍ਹਾਂ ਮੰਗਾਂ ਨੂੰ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਮੈਂਬਰ ਪਾਰਲੀਮੈਂਟ ਪੂਰੇ ਜੋਰ ਨਾਲ ਉਠਾਉਣ । ਉਨ੍ਹਾਂ ਕਿਹਾ ਕਿ ਇਹ ਐਲਾਨ ਪੰਜਾਬ ਭਰ ਵਿਚ ਲਾਗੂ ਕੀਤੇ ਜਾਣਗੇ। ਇਸ ਮੌਕੇ ਮੋਰਚੇ ਵਿੱਚ ਮਜੂਦ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦੇ ਕਾਰਪੋਰੇਟ ਘਰਾਣਿਆਂ ਦੀ ਅਰਥੀ ਫੂਕੀ ਗਈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਗੱਲ ਕਰਦੇ ਕਿਹਾ ਕਿ ਸਰਕਾਰ ਚਾਹੇ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ, ਉਹ ਜਨਤਾ ਦੇ ਹਿਤ ਦੀ ਨੀਤੀ ਬਣਾਉਣ ਦੀ ਜਗ੍ਹਾ ਚੰਦ ਵਪਾਰੀ ਘਰਾਣਿਆਂ ਲਈ ਸਾਰੀ ਨੀਤੀ ਤਿਆਰ ਕਰ ਰਹੀ ਹੈ, ਜਦਕਿ ਆਮ ਜਨਤਾ ਬੇਰੁਜ਼ਗਾਰੀ, ਗਰੀਬੀ , ਨਸ਼ੇ ਅਤੇ ਭੁੱਖ ਮਰੀ ਦੀ ਸ਼ਿਕਾਰ ਹੈ। ਉਨ੍ਹਾਂ ਕਿਹਾ ਕੇ ਅੱਜ ਜਨਤਾ ਇਨਫਰਮੇਸ਼ਨ ਦੇ ਯੁਗ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀ ਹੈ, ਇਸ ਲਈ ਧਰਨਿਆਂ ਅਤੇ ਅੰਦੋਲਨ ਰਾਹੀਂ ਸਰਕਾਰਾਂ ਨੂੰ ਸਹੀ ਦਿਸ਼ਾ ਵਿੱਚ ਕੰਮ ਕਰਨ ਲਈ ਮਜਬੂਰ ਕਰਨ ਲਈ ਕਮਰ ਕੱਸ ਚੁੱਕੀ ਹੈ। ਓਹਨਾ ਕਿਹਾ ਕਿ ਪੰਜਾਬ ਭਰ ਵਿੱਚ ਲੱਗੇ ਮੋਰਚਿਆਂ ਨੂੰ ਲਗਾਤਾਰ ਸਮਰਥਨ ਵਧ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਵਰਦਲੀਪ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ,‌ ਲਖਬੀਰ ਸਿੰਘ, ਮੇਜ਼ਰ ਸਿੰਘ ਅਬਦਾਲ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜੀਕੋਟ, ਕੰਵਲਜੀਤ ਸਿੰਘ ਵਣਚੜ੍ਹੀ,‌ਦਿਲਬਾਗ ਸਿੰਘ ਖਾਪੜਖੇੜੀ, ਮੰਗਵਿੰਦਰ ਸਿੰਘ ਮਢਿਆਲਾ, ਮੁਖਤਾਰ ਸਿੰਘ ਭੰਗਵਾ ਨੇ ਮੋਰਚੇ ਨੂੰ ਸੰਬੋਧਨ ਕੀਤਾ‌‌। ਅੱਜ ਦਾ ਸਟੇਜ ਸੰਚਾਲਨ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਨੇ ਕੀਤਾ।

Related Articles

Leave a Reply

Your email address will not be published.

Back to top button