ਖੰਨਾ 03 ਦਸੰਬਰ ( ਕੁਲਵਿੰਦਰ ਸਿੰਘ ਬੇਦੀ/ਭੂਸ਼ਨ ਬਾਂਸਲ) : ਐੱਸ. ਐੱਸ. ਪੀ. ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਖੰਨਾ ਵਲੋਂ ਮਾੜੇ ਅਨਸਰਾਂ ਤੇ ਨਸ਼ਾ ਸਮਗਲਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ 3 ਕੁਇੰਟਲ 85 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਪੁਲਸ ਜ਼ਿਲਾ ਖੰਨਾ ਅਧੀਨ ਵੱਖ-ਵੱਖ ਥਾਵਾਂ ਤੋਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਆਈ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਦੇਖ-ਰੇਖ ਹੇਠ ਡੀ.ਐੱਸ.ਪੀ. ਆਈ. ਜਸ਼ਨਦੀਪ ਸਿੰਘ ਗਿੱਲ, ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ ਦੀ ਅਗਵਾਈ ਹੇਠ ਸਮੇਤ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵ੍ਹੀਕਲਾਂ ਦੀ ਤਲਾਸ਼ ਦੇ ਸਬੰਧ ਵਿਚ ਪੁਲੀ ਗੜੀ ਤਰਖਾਣਾਂ ਮੌਜੂਦ ਸੀ ਤਾਂ ਸ਼ੱਕ ਦੇ ਅਧਾਰ ’ਤੇ ਇਕ ਕਾਰ ਸਵਿਫਟ ਡਿਜ਼ਾਇਰ ਰੰਗ ਚਿੱਟਾ ਦੇ ਚਾਲਕ ਜਸਦੇਵ ਸਿੰਘ ਉਰਫ ਦੇਵ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਹੰਬੋਵਾਲ ਜ਼ਿਲਾ ਲੁਧਿਆਣਾ ਨੂੰ ਕਾਬੂ ਕਰ ਕੇ ਕਾਰ ਦੀ ਤਲਾਸ਼ੀ ਕਰਨ ’ਤੇ ਕਾਰ ’ਚੋਂ 1 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ, ਜਿਸ ’ਤੇ ਉਕਤ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ, ਦੌਰਾਨੇ ਤਫਤੀਸ਼ ਉਕਤ ਮੁਲਜਮ ਜਸਦੇਵ ਸਿੰਘ ਦੀ ਪੁੱਛ-ਗਿੱਛ ਕਰਨ ’ਤੇ ਉਸ ਤੋਂ ਹੋਰ 1 ਕੁਇੰਟਲ 60 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤਾ ਗਿਆ।
ਇਸੇ ਤਰ੍ਹਾਂ ਇਸ ਮੁਹਿੰਮ ਤਹਿਤ ਇਕ ਹੋਰ ਮੁਲਜਮ ਰਕੇਸ਼ ਕੁਮਾਰ ਉਰਫ ਬੰਟੀ ਪੁੱਤਰ ਤਰਸੇਮ ਲਾਲ ਵਾਸੀ ਹੇਡੋਂ ਬੇਟ ਥਾਣਾ ਮਾਛੀਵਾੜਾ ਨੂੰ ਉਸਦੀ ਕਾਰ ਸਵਿਫਟ ਡਿਜਾਇਰ ਰੰਗ ਚਿੱਟਾ ਸਮੇਤ ਕਾਬੂ ਕੀਤਾ ਅਤੇ ਤਲਾਸ਼ੀ ਕਰਨ ਉਪਰੰਤ ਕਾਰ ਵਿਚੋਂ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਇਆ। ਜਿਸ ’ਤੇ ਰਕੇਸ਼ ਕੁਮਾਰ ਉਕਤ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।ਇਸ ਮੁਹਿੰਮ ਦੇ ਚਲਦੇ ਹੋਏ ਦਰਸ਼ਨ ਸਿੰਘ ਪੁੱਤਰ ਉਰਫ ਰਾਜੂ ਪੁੱਤਰ ਮਲਕੀਤ ਸਿੰਘ ਵਾਸੀ ਧਮੋਟ ਕਲਾਂ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਤੇ ਅਵਤਾਰ ਸਿੰਘ ਉਰਫ ਘੋਲਾ ਪੁੱਤਰ ਛੋਟਾ ਸਿੰਘ ਵਾਸੀ ਚੋਰਵਾਲਾ, ਮੁੱਲੇਪੁਰ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਸ਼ੱਕ ਦੀ ਬਿਨਾਹ ’ਤੇ ਰੋਕ ਕੇ ਉਹਨਾਂ ਦੇ ਕਬਜੇ ਵਿਚ 07 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤਾ ਗਿਆ। ਜਿਸ ’ਤੇ ਉਕਤ ਮੁਲਜਮਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕੀਤਾ ਗਿਆ। ਦੋਰਾਨੇ ਤਫਤੀਸ਼ ਉਕਤ ਮੁਲਜਮਾਂ ਪਾਸੋਂ ਪੁੱਛ-ਗਿੱਛ ਕਰਨ ’ਤੇ 93 ਕਿਲੋਗ੍ਰਾਮ ਭੁੱਕੀ ਪੋਸਤ ਬ੍ਰਾਮਦ ਕੀਤਾ ਗਿਆ।