ਜੰਡਿਆਲਾ ਗੁਰੂ, 24 ਨਵੰਬਰ (ਕੰਵਲਜੀਤ ਸਿੰਘ ਲਾਡੀ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਕੋਰ ਕਮੇਟੀ ਨੇ ਜਥੇਬੰਦੀ ਵੱਲੋਂ ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਢ ਤੇ 26 ਨਵੰਬਰ ਤੋਂ ਪੰਜਾਬ ਭਰ ਦੇ ਡੀ ਸੀ ਦਫਤਰਾਂ ਤੇ ਸ਼ੁਰੂ ਕੀਤੇ ਜਾ ਰਹੇ ਲੰਬੇ ਸਮੇਂ ਦੇ ਮੋਰਚਿਆਂ ਦੀ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਲਈ ਅੱਜ ਡੀ ਸੀ ਦਫਤਰ ਅੰਮ੍ਰਿਤਸਰ ਦਾ ਦੌਰਾ ਕਰਕੇ ਮੋਰਚੇ ਦੀ ਪਲਾਨਿੰਗ ਕੀਤੀ | ਇਸ ਮੌਕੇ ਲੰਗਰ ਟੀਮ, ਸੋਸ਼ਲ ਮੀਡੀਆ ਟੀਮ, ਵਲੰਟੀਅਰ ਟੀਮ ਨੂੰ ਸਾਰੀਆਂ ਡਿਊਟੀਆਂ ਬ੍ਰੀਫ ਕੀਤੀਆਂ ਗਈਆਂ | ਮੋਰਚੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਮੋਰਚੇ ਨਾਲ ਕੀਤੇ ਵਾਧਿਆਂ ਤੋਂ ਭਗੌੜੀ ਹੋ ਚੁੱਕੀ ਹੈ ਅਤੇ ਪੰਜਾਬ ਦੀ ਮਾਨ ਸਰਕਾਰ ਹੁਣ ਤੱਕ ਕਈ ਮੀਟਿੰਗਾਂ ਕਰਕੇ ਕਈ ਮੰਗਾਂ ਮਨ ਚੁੱਕੀ ਹੈ ਪਰ ਧਰਾਤਲ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜਿਸਦੇ ਚਲਦੇ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਦਿੱਲੀ ਮੋਰਚੇ ਦੀ ਤਰਜ਼ ਤੇ ਦੋਬਾਰਾ ਤੋਂ ਵੱਡੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ |
ਓਹਨਾ ਸੀ ਐਮ ਮਾਨ ਦੇ ਜਥੇਬੰਦੀਆਂ ਵੱਲੋਂ ਲਗਾਏ ਜਾਂਦੇ ਧਰਨਿਆਂ ਤੇ ਦਿੱਤੇ ਬਿਆਨ ਤੇ ਸਖ਼ਤ ਨੋਟਿਸ ਲੈਂਦੇ ਕਿਹਾ ਕਿ ਭਗਵੰਤ ਮਾਨ ਜੀ ਨੂੰ ਆਪਣੀ ਪਾਰਟੀ ਦੇ ਇਤਿਹਾਸ ਵੱਲ ਨਿਗ੍ਹਾ ਮਾਰਨੀ ਚਾਹੀਦੀ ਹੈ ਸ਼ਾਇਦ ਧਰਨਿਆਂ ਦੀ ਅਹਿਮੀਅਤ ਬਾਰੇ ਓਹਨਾ ਨੂੰ ਕੁਝ ਗਿਆਨ ਪ੍ਰਾਪਤ ਹੋਵੇ, ਓਹਨਾ ਕਿਹਾ ਕਿ ਅਸਲ ਵਿਚ ਬਹੁਤ ਸਾਰੇ ਵਰਗ ਜਾ ਪੀੜਿਤ ਅਦਾਰਿਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਰ ਓਹਨਾ ਨੇ ਦਿੱਲੀ ਮੋਰਚੇ ਵਿਚ ਜੋ ਕਿਸਾਨਾਂ ਮਜਦੂਰਾਂ ਦੀ ਤਾਕਤ ਦਾ ਜੋ ਨਮੂਨਾ ਦੇਖਿਆ ਸੀ, ਉਹ ਉਸ ਤਾਕਤ ਬਾਰੇ ਸੋਚ ਕੇ ਬੌਖਲਾਏ ਹੋਏ ਹਨ ਅਤੇ ਇਸੇ ਕਰਕੇ ਓਹਨਾ ਦੇ ਡਰ ਚੋ ਜਥੇਬੰਦੀਆਂ ਨੂੰ ਭੰਡਣ ਲਈ ਇਹ ਬਿਆਨ ਨਿਕਲ ਰਹੇ ਹਨ | ਓਹਨਾ ਕਿਹਾ ਕਿ ਮੋਰਚਿਆਂ ਦੀਆ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦਿੱਲੀ ਮੋਰਚੇ ਵਾਂਙ ਹੀ ਟਰਾਲੀਆਂ ਮੋਰਚੇ ਵਿਚ ਸਾਡੇ ਕਮਰਿਆਂ ਦਾ ਕੰਮ ਕਰਨਗੀਆਂ,ਲੰਗਰ ਅਤੇ ਵਲੰਟੀਅਰ ਟੀਮਾਂ ਦਾ ਇੰਤਜ਼ਾਮ ਕਰਨ ਲਈ ਪਿੰਡ ਤੋਂ ਜਿਲ੍ਹਾ ਪੱਧਰ ਤੇ ਕਰ ਲਿਆ ਗਿਆ ਹੈ, ਬਿਜਲੀ ਦੇ ਪ੍ਰਬੰਧ,ਸਟੇਜ ਲਈ ਸਾਊਂਡ, ਪੰਡਾਲ, ਮੈਡੀਕਲ ਸੇਵਾ ਦਾ ਪ੍ਰਬੰਧ ਕਰਨ ਲਈ ਡਿਊਟੀ ਟੀਮਾਂ ਬਣਾ ਲਈਆਂ ਗਈਆਂ ਹਨ | ਮੋਰਚਿਆਂ ਦੀਆਂ ਮੰਗਾਂ ਦੀ ਵੱਧ ਤੋਂ ਵੱਧ ਜਾਣਕਾਰੀ ਹਰ ਘਰ ਤੱਕ ਪਹੁੰਚਾਉਣ ਲਈ ਪਿੰਡ ਪੱਧਰ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਦਾ ਕੰਮ ਚੱਲ ਰਿਹਾ ਹੈ | ਓਹਨਾ ਕਿਹਾ ਕਿ ਸੰਘਰਸ਼ਾਂ ਦੀ ਲਹਿਰ ਅੱਜ ਆਪਣੇ ਬਹੁਤ ਮਹੱਤਵਪੂਰਨ ਦੌਰ ਵਿੱਚੋ ਲੰਘ ਰਹੀ ਹੈ, ਸੋ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਇਸਨੂੰ ਵੱਧ ਤੋਂ ਵੱਧ ਬਲ ਦਿੱਤਾ ਜਾਵੇ, ਇਹ ਲਹਿਰ ਹੀ ਆਉਣ ਵਾਲੇ ਪੰਜਾਬ ਅਤੇ ਫਿਰ ਦੇਸ਼ ਦੀ ਨੁਹਾਰ ਤਹਿ ਕਰੇਗੀ, ਸਰਕਾਰਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਕਿਸੇ ਤਰਾਂ ਇਹਨਾਂ ਲਹਿਰਾਂ ਨੂੰ ਬੇਅਸਰ ਕੀਤਾ ਜਾਵੇ ਕਿਉਂ ਕਿ ਦਿੱਲੀ ਮੋਰਚੇ ਨੇ ਲੋਕਾਂ ਨੂੰ ਆਪਣੇ ਅਸਲੀ ਸਰੋਕਾਰਾਂ ਦੀ ਲੜਾਈ ਵੱਲ ਮੋੜਾ ਦਿੱਤਾ ਹੈ, ਅਗਰ ਅਸੀਂ ਇਹਨਾਂ ਲਹਿਰਾਂ ਵਿਚ ਆਪਣੇ ਸਹੀ ਨਿਸ਼ਾਨੇ ਵੱਲ ਵਧਦੇ ਗਏ ਤਾਂ ਆਉਣ ਵਾਲੇ ਸਮੇ ਵਿਚ ਲੋਕ ਸਰਕਾਰਾਂ ਕੋਲੋਂ ਉਹ ਸਭ ਨੀਤੀਆਂ ਪੋਲਸੀਆਂ ਵਾਪਿਸ ਕਰਵਾਉਣ ਵਿਚ ਕਾਮਜ਼ਾਬ ਹੋਣਗੇ ਜਿੰਨਾ ਨਾਲ ਲੋਕ ਅਧਿਕਾਰਾਂ ਤੇ ਡਾਕਾ ਮਾਰ ਕੇ ਕਾਰਪੋਰੇਟ ਪੱਖੀ ਸਿਸਟਮ ਤਿਆਰ ਕੀਤਾ ਗਿਆ |
ਓਹਨਾ ਕਿਹਾ ਕਿ ਅੱਜ ਧਰਨਾ ਸਥਲ ਪਲਾਨ ਕੀਤਾ ਗਿਆ ਜਿਸ ਨਾਲ ਆਮ ਜਨਤਾ ਦੀ ਆਵਾਜਾਈ ਅਤੇ ਹੋਰ ਜਰੂਰੀ ਕੰਮਾਂ ਵਿਚ ਪ੍ਰੇਸ਼ਾਨੀ ਜਾ ਵਿਘਨ ਨਾ ਪਵੇ | ਓਹਨਾ ਕਿਹਾ ਕਿ ਇਹ ਲੜਾਈ ਸਭ ਦੇ ਅਧਿਕਾਰਾਂ ਦੀ ਹੈ ਸੋ ਪੇਂਡੂ, ਸ਼ਹਿਰੀ, ਦੁਕਾਨਦਾਰ, ਰੇਹੜੀ ਫੜੀ ਵਾਲੇ, ਮੁਲਾਜ਼ਮ ਤੇ ਬਾਕੀ ਸਭ ਵਰਗਾਂ ਨੂੰ ਮੋਰਚੇ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਅਮਰਦੀਪ ਸਿੰਘ ਗੋਪੀ, ਬਲਦੇਵ ਸਿੰਘ ਬੱਗਾ,ਕੰਵਰਦਲੀਪ ਸੈਦੋਲੇਹਲ, ਸੁਖਦੇਵ ਸਿੰਘ ਚਾਟੀਵਿੰਡ, ਕੁਲਜੀਤ ਸਿੰਘ ਘਨੁਪੁਰ ਕਾਲੇ, ਬਲਵਿੰਦਰ ਸਿੰਘ ਰੁਮਾਣਾਚੱਕ, ਸਵਿੰਦਰ ਸਿੰਘ ਰੂਪੋਵਾਲੀ ਹਾਜ਼ਿਰ ਸਨ |