ਜੰਡਿਆਲਾ ਗੁਰੂ, 18 ਨਵੰਬਰ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੂਬਾ ਪੱਧਰੀ ਐਲਾਨ ਦੇ ਚਲਦੇ 26 ਨਵੰਬਰ ਤੋਂ ਡੀ ਸੀ ਦਫਤਰਾਂ ਤੇ ਧਰਨਿਆਂ ਦੀ ਤਿਆਰੀ ਦੇ ਦੂਜੇ ਦੌਰ ਦੇ ਪਹਿਲੇ ਦਿਨ, ਜਿਲ੍ਹਾ ਅੰਮ੍ਰਿਤਸਰ ਵੱਲੋਂ,ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਹੀ ਵਿਚ, 6 ਜ਼ੋਨਾ, ਜੋਨ ਟਾਹਲੀ ਸਾਬ੍ਹ,ਜੋਨ ਬਾਬਾ ਬੁੱਢਾ ਜੀ, ਜੋਨ ਕੱਥੂਨੰਗਲ, ਜੋਨ ਮਜੀਠਾ, ਜੋਨ ਗੁਰੂ ਰਾਮਦਾਸ ਜੀ, ਜ਼ੋਨ ਬਾਬਾ ਨੋਧ ਸਿੰਘ ਦੀ, ਗ਼ਦਰ ਲਹਿਰ ਦੇ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਮੇਤ ਸਾਰੇ ਸ਼ਹੀਦਾਂ ਨੂੰ ਸਮਰਪਿਤ, ਕਨਵੈਨਸ਼ਨ ਪਿੰਡ ਅਬਦਾਲ ਵਿਚ ਕੀਤੀ ਗਈ । ਇਸ ਮੌਕੇ ਹਾਜ਼ਰ ਹਜ਼ਾਰਾਂ ਕਿਸਾਨਾਂ ਮਜਦੂਰਾਂ ਤੇ ਔਰਤਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਆਗੂਆਂ ਕਿਹਾ ਕਿ ਗ਼ਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਦੀ ਸੋਚ ਰੱਖੀ ਸੀ ਉਹ ਆਜ਼ਾਦੀ ਅੱਜ ਤੱਕ ਨਹੀਂ ਦਿਖਾਈ ਦਿੱਤੀ, ਵਿਦੇਸ਼ੀ ਹੁਕਮਰਾਨ ਚੱਲਾ ਗਿਆ ਪਰ ਲੋਕਤੰਤਰ ਦੇ ਮਾਖੌਟੇ ਹੇਠ ਦੇਸੀ ਲੋਕ ਹੁਕਮਰਾਨ ਬਣ ਗਏ, ਅੱਜ ਸਭ ਨੂੰ ਲੋੜ ਹੈ ਕਿ ਗ਼ਦਰ ਲਹਿਰ ਦੇ ਸ਼ਹੀਦ ਦੀ ਸੋਚ ਤੇ ਪਹਿਰਾ ਦੇ ਕੇ ਆਮ ਨਾਗਰਿਕ ਦੇ ਹੱਕਾਂ ਦੀ ਲੜਾਈ ਲੜਕੇ ਆਜ਼ਾਦੀ ਨੂੰ ਅਸਲ ਮਾਇਨਿਆਂ ਵਿੱਚ ਧਰਾਤਲ ਤੇ ਲਿਆਂਦਾ ਜਾਵੇ ।
ਆਗੂਆਂ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਮੋਦੀ ਸਰਕਾਰ ਵਾਂਙ ਹੀ ਜਮੀਨ ਅਸਮਾਨ ਦਾ ਫਰਕ ਹੈ ਅਤੇ ਮਾਨ ਸਰਕਾਰ ਵੀ ਕਾਰਪੋਰੇਟ ਪੱਖੀ ਨੀਤੀ ਪੋਲਿਸੀ ਤੇ ਕੰਮ ਕਰ ਰਹੀ ਹੈ ਔਰ ਪੰਜਾਬ ਦੇ ਭਲੇ ਲਈ ਇਸਦਾ ਵਿਰੋਧ ਕਰਨਾ ਬਹੁਤ ਜਰੂਰੀ ਹੈ । ਓਹਨਾ ਕਿਹਾ ਕਿ ਭਾਰਤ ਇਸ ਵਾਰ ਦੀ G-20 ਦੇਸ਼ਾਂ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਸਨੂੰ ਇੱਕ ਤਰੀਕੇ ਨਾਲ ਮੀਡੀਆ ਵਿਚ ਇੱਕ ਉਪਲਭਦੀ ਵਾਂਙ ਦਿਖਾਇਆ ਜਾ ਰਿਹਾ ਪਰ ਅਸਲ ਵਿਚ ਇਹ ਇੱਕ ਤਰੀਕੇ ਨਾਲ ਭਾਰਤ ਦੇ ਕੁਦਰਤੀ ਸੋਮਿਆਂ ਨੂੰ ਵਿਦੇਸ਼ੀ ਕਾਰਪੋਰੇਟ ਹੱਥਾਂ ਵਿਚ ਦੇਣ ਦੀ ਤਿਆਰੀ ਵਿਚ ਇੱਕ ਵੱਡਾ ਕਦਮ ਹੈ । ਓਹਨਾ ਕਿਹਾ ਕਿ ਪੰਜਾਬ ਸਰਕਾਰ ਜੁਮਲਾ ਮੁਸਤਰਕਾ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨ ਕੇ ਖੋਹਣ ਦੇ ਸ਼ਮਿਆਨੇ ਬਣਾ ਰਹੀ ਹੈ ਜੋ ਕਿ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਤੇ ਨਾ ਸਿਰਫ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣਾ ਪਵੇਗਾ ਬਲਕਿ ਅਬਾਦਕਾਰ ਕਿਸਾਨਾਂ ਮਜਦੂਰਾਂ ਨੂੰ ਪੱਕੇ ਮਾਲਕੀ ਹੱਕ ਵੀ ਦੇਣੇ ਪੈਣਗੇ, ਓਹਨਾ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਸਟੇਟਾਂ ਦੇ ਅਧਿਕਾਰਾਂ ਵਾਲੇ ਫੈਸਲੇ ਖੁਦ ਲੈ ਕੇ ਦੇਸ਼ ਦੇ ਸੰਘੀ ਢਾਂਚੇ ਤੇ ਹਮਲੇ ਕਰ ਰਹੀ ਹੈ, ਬੀ ਬੀ ਐਮ ਬੀ ਵਿੱਚੋ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ ਖਤਮ ਕਰਨਾ,ਬਿਜਲੀ ਵੰਡ ਲਾਇਸੈਂਸ ਨਿਜ਼ਮ 2022 ਦਾ ਨੋਟੀਫਿਕੇਸ਼ਨ ਕਰਨਾ, ਐਸ ਵਾਈ ਐਲ ਤੇ ਬਿਆਨ ਦੇਣੇ ਆਦਿ ਬਿਲਕੁਲ ਗ਼ਲਤ ਹਨ ਤੇ ਜਥੇਬੰਦੀ ਮੰਗ ਕਰਦੀ ਹੈ ਕਿ ਸਰਕਾਰ ਇਹ ਫੈਸਲੇ ਤੁਰੰਤ ਵਾਪਿਸ ਲਵੇ ।
ਭਾਰਤ ਸਰਕਾਰ ਵੱਲੋਂ ਹੀ ਸਥਾਪਿਤ ਕੀਤੇ ਗਏ ਡਾ ਸਵਾਮੀਨਾਥਨ ਕਮਿਸ਼ਨ ਦੀ ਸ਼ਿਫਾਰਸ਼ ਮੁਤਾਬਿਕ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਹਨ, ਐਮ ਐਸ ਪੀ ਗਰੰਟੀ ਕਨੂੰਨ ਬਣਾਉਣ ਵਾਲੇ ਆਪਣੇ ਵਾਅਦੇ ਤੋਂ ਸਰਕਾਰ ਭੱਜ ਰਹੀ ਹੈ ਉਸਨੂੰ ਪੂਰਾ ਕਰਵਾਉਣਾ, ਦਰਿਆਈ ਤੇ ਧਰਤੀ ਹੇਠਲੇ ਪਾਣੀਆਂ ਬਚਾਉਣ ਤੇ ਰਿਚਾਰਜ ਕਰਨ ਨੂੰ ਲੈ ਕੇ ਠੋਸ ਨੀਤੀ ਬਣੇ, ਦਿੱਲੀ ਤੇ ਪੰਜਾਬ ਪੱਧਰੀ ਮੋਰਚਿਆਂ ਵਿਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰ ਨੂੰ ਨੌਕਰੀ ਤੇ ਮੁਆਵਜੇ ਵਾਲੀ ਮੰਨੀ ਹੋਈ ਮੰਗ ਪੂਰਨ ਰੂਪ ਚ ਲਾਗੂ ਕੀਤੀ ਜਾਵੇ, ਨਸ਼ੇ ਅਤੇ ਗੁੰਡਾਗਰਦੀ ਤੇ ਕਾਬੂ ਹੋਵੇ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਮਨਰੇਗਾ ਤਹਿਤ ਦਿਹਾੜੀ ਦੁਗਣੀ ਕੀਤੀ ਜਾਵੇ ਅਤੇ ਸਾਲ ਦੇ 365 ਦਿਨ ਰੁਜ਼ਗਾਰ ਮੁਹਈਆ ਹੋਵੇ, ਰੁਕੇ ਹੋਏ ਮਨਰੇਗਾ ਬਕਾਏ ਤੁਰੰਤ ਜਾਰੀ ਕੀਤੇ ਜਾਣ, ਸਸਤੇ ਅਨਾਜ਼ ਦੀ ਕੁਆਲਿਟੀ ਸੁਧਾਰੀ ਜਾਵੇ, ਬਹਿਬਲ ਕਲਾਂ ਅਤੇ ਕੋਟਕਪੂਰ ਕਤਲਕਾਂਡ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾਣ, ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ, ਅੰਦੋਲਨਾਂ ਵਿਚ ਸੈਂਟਰ ਤੇ ਪੰਜਾਬ ਸਰਕਾਰ ਵੱਲੋਂ ਪਾਏ ਪਰਚੇ ਰੱਦ ਕੀਤੇ ਜਾਣ । ਓਹਨਾ ਕਿਹਾ ਕਿ ਇਹ ਮੋਰਚਾ ਸਰਕਾਰਾਂ ਦੇ ਦੋਗਲੇ ਚਿਹਰਿਆਂ ਨੂੰ ਵੀ ਬੇਨਕਾਬ ਕਰੇਗਾ । ਓਹਨਾ ਕਿਹਾ ਕਿ ਭਗਵੰਤ ਮਾਨ ਪੰਜਾਬ ਪ੍ਰਤੀ ਗੈਰਜਿੰਮੇਵਾਰ ਮੁਖ ਮੰਤਰੀ ਸਾਬਿਤ ਹੋ ਰਹੇ ਹਨ ਜਦ ਪੰਜਾਬ ਵਿਚ ਅਮਨ ਕਨੂੰਨ ਦੀ ਸਥਿਤੀ ਤੇ ਧਿਆਨ ਦੇਣ ਦਾ ਸਮਾਂ ਹੈ ਉਸ ਵੇਲੇ ਓਹਨਾ ਦਾ ਧਿਆਨ ਸਿਰਫ ਪਾਰਟੀ ਦੇ ਕੰਮ ਵਿਚ ਲੱਗਾ ਹੈ । ਕਿਸਾਨ ਮਜਦੂਰ ਆਗੂਆਂ ਨੇ ਪੂਰੇ ਇਲਾਕੇ ਦੇ ਜਥੇਬੰਦ ਤੇ ਗੈਰਜਥੇਬੰਦ ਪਿੰਡਾਂ ਨੂੰ ਅਪੀਲ ਕੀਤੀ ਕਿ ਇਹ ਸਭ ਦੇ ਸਾਂਝੇ ਤੇ ਜਰੂਰੀ ਮਸਲੇ ਹਨ ਸੋ 26 ਨਵੰਬਰ ਨੂੰ ਹਰ ਪਿੰਡ ਵਿੱਚੋ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਜਾਵੇ । ਆਗੂਆਂ ਇਥੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਇਸੇ ਤਰ੍ਹਾਂ ਕੱਲ੍ਹ 5 ਜੋਨਾਂ ਦੀ ਵੱਡੀ ਕਨਵੈਨਸ਼ਨ ਪਿੰਡ ਰੁਮਾਣਾਚੱਕ ਵਿਚ ਕੀਤੀ ਜਾਵੇਗੀ ।
ਇਸ ਮੌਕੇ ਜਿਲ੍ਹਾ ਖਜਾਨਚੀ ਕੰਧਾਰਾ ਸਿੰਘ ਭੋਏਵਾਲ, ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਮੰਗਜੀਤ ਸਿੰਘ ਸਿੱਧਵਾਂ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜ਼ੀਕੋਟ, ਬਲਵਿੰਦਰ ਸਿੰਘ ਕਲੇਰ ਬਾਲਾ, ਮੇਜ਼ਰ ਸਿੰਘ ਅਬਦਾਲ, ਟੇਕ ਸਿੰਘ ਝੰਡੇ,ਕਾਬਲ ਸਿੰਘ ਵਰਿਆਮ ਨੰਗਲ, ਜਗਤਾਰ ਸਿੰਘ ਅਬਦਾਲ,ਮਸਵਿੰਦਰ ਸਿੰਘ ਅਬਦਾਲ,ਲਖਬੀਰ ਸਿੰਘ ਕੱਥੂਨੰਗਲ, ਗੁਰਬਾਜ਼ ਸਿੰਘ ਭੁੱਲਰ, ਅਵਤਾਰ ਸਿੰਘ ਜਹਾਂਗੀਰ, ਗੁਰਦੇਵ ਸਿੰਘ ਮੁੱਘੋਸੋਹੀ, ਕੁਲਦੀਪ ਸਿੰਘ ਚਾਚੋਵਾਲੀ, ਮੁਖਤਾਰ ਸਿੰਘ ਭਗਵਾਂ, ਗੁਰਦੀਪ ਸਿੰਘ ਹਮਜ਼ਾ, ਕਿਰਪਾਲ ਸਿੰਘ ਕਲੇਰ, ਕੰਵਲਜੀਤ ਸਿੰਘ ਵੰਚੜੀ, ਮਨਰਾਜ ਸਿੰਘ ਵੱਲ੍ਹਾ, ਰਵਿੰਦਰ ਸਿੰਘ ਵੱਲ੍ਹਾ, ਸ਼ਮਸ਼ੇਰ ਸਿੰਘ ਛੇਹਾਰਟਾ, ਬਲਿਹਾਰ ਸਿੰਘ ਛੀਨਾ, ਗੁਰਪਾਲ ਸਿੰਘ ਮੱਖਣਵਿੰਡੀ, ਦਿਲਬਾਗ ਸਿੰਘ ਖਾਪੜਖੇੜੀ, ਮੰਗਵਿੰਦਰ ਸਿੰਘ ਮਢਿਆਲਾ, ਹਰਦੇਵ ਸਿੰਘ ਸਾਗਣਾ,ਮੰਗਤ ਸਿੰਘ ਭੰਗਨਾ, ਦਲਬੀਰ ਬਾਸਰਕੇ,ਬੀਬੀ ਰੁਪਿੰਦਰ ਕੌਰ ਅਬਦਾਲ,ਬੀਬੀ ਬਲਵਿੰਦਰ ਕੌਰ ਅਬਦਾਲ, ਬੀਬੀ ਪਰਮਜੀਤ ਕੌਰ ਸ਼ਹਿਜ਼ਾਦਾ, ਬੀਬੀ ਜਸਵਿੰਦਰ ਕੌਰ ਸ਼ਹਿਜ਼ਾਦਾ, ਬੀਬੀ ਰਾਜਵਿੰਦਰ ਕੌਰ ਰੂਪੋਵਾਲੀ, ਬੀਬੀ ਗੁਰਜੀਤ ਕੌਰ ਕੋਟਲਾ ਸੁਲਤਾਨ, ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ,ਮਜ਼ਦੂਰ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ।