ਲੁਧਿਆਣਾ, 14 ਸਤੰਬਰ (ਬਿਊਰੋ) : ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਵਿੱਚ ਇੱਕ ਔਰਤ ਦੀ ਦਲੇਰੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਔਰਤ ਨੇ ਬਹਾਦਰੀ ਦਿਖਾਉਂਦੇ ਹੋਏ ਸੋਨੇ ਦੀ ਚੇਨੀ ਖੋਹਣ ਆਏ ਬਦਮਾਸ਼ਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਔਰਤ ਨੇ ਉਸ ਦਾ ਸਾਹਮਣਾ ਕੀਤਾ ਪਰ ਇਸ ਦੌਰਾਨ ਉਹ ਜ਼ਖਮੀ ਹੋ ਗਈ ਪਰ ਬਦਮਾਸ਼ ਉਸ ਦੀ ਚੇਨੀ ਨਹੀਂ ਖੋਹ ਸਕੇ।
ਘਟਨਾ ਖੰਨਾ ਦੇ ਪੀਰਖਾਨਾ ਰੋਡ ਦੀ ਹੈ। ਚੌਧਰੀ ਭੀਸ਼ਨ ਪ੍ਰਕਾਸ਼ ਪਾਰਕ ਨੇੜੇ ਸਕੂਟੀ ‘ਤੇ ਆ ਰਹੀ ਇਕ ਅਧਿਆਪਕਾ ਦੀ ਗਲੇ ‘ਚੋਂ ਚੇਨੀ ਖੋਹਣ ਦੀ ਕੋਸ਼ਿਸ਼ ਕਰ ਰਹੇ ਦੋ ਬਾਈਕ ਸਵਾਰ ਬਦਮਾਸ਼ਾਂ ਨਾਲ ਭਿੜ ਗਈ। ਔਰਤ 10 ਮਿੰਟ ਤੱਕ ਬਹਾਦਰੀ ਨਾਲ ਲੜੀ। ਇਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ ਪਰ ਔਰਤ ਨੇ ਬਾਈਕ ‘ਤੇ ਬੈਠੇ ਬਦਮਾਸ਼ ਨੂੰ ਹੇਠਾਂ ਡੇਗ ਦਿੱਤਾ।
ਜਿਵੇਂ ਹੀ ਬਾਈਕ ਸਵਾਰ ਔਰਤ ਦੇ ਗਲੇ ‘ਚੋਂ ਚੇਨੀ ਖੋਹਣ ਲੱਗਾ ਤਾਂ ਉਸ ਨੇ ਪਿੱਛੇ ਬੈਠੇ ਨੌਜਵਾਨ ਨੂੰ ਫੜ ਲਿਆ। ਬਾਈਕ ਸਵਾਰ ਔਰਤ ਨੂੰ ਖਿੱਚ ਕੇ ਲੈ ਗਏ ਪਰ ਔਰਤ ਨੇ ਨੌਜਵਾਨ ਨੂੰ ਨਹੀਂ ਛੱਡਿਆ। ਰੌਲਾ ਸੁਣ ਕੇ ਲੋਕ ਵੀ ਘਰਾਂ ਤੋਂ ਬਾਹਰ ਆ ਗਏ। ਇਸ ਹਫੜਾ-ਦਫੜੀ ‘ਚ ਭੱਜਦੇ ਹੋਏ ਔਰਤ ਵੀ ਡਿੱਗ ਗਈ ਪਰ ਉਸ ਨੇ ਬਾਈਕ ਸਵਾਰ ਨੂੰ ਨਹੀਂ ਛੱਡਿਆ। ਔਰਤ ਦੀ ਦਲੇਰੀ ਦੇ ਸਾਹਮਣੇ ਬਾਈਕ ਸਵਾਰ ਨੇ ਆਖ਼ਰ ਗੋਡੇ ਟੇਕ ਦਿੱਤੇ ਅਤੇ ਆਪਣੀ ਜਾਨ ਬਚਾ ਕੇ ਆਪਣੇ ਸਾਥੀ ਨਾਲ ਭੱਜ ਗਿਆ।