ਜੰਡਿਆਲਾ ਗੁਰੂ, 08 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਵਿਭਾਗੀ ਹਦਾਇਤਾਂ ਅਨੁਸਾਰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਜੁਗਰਾਜ ਸਿੰਘ ਰੰਧਾਵਾ ਜੀ ਦੀ ਰਹਿਨੁਮਾਈ ਅਤੇ ਹੈੱਡ ਮਾਸਟਰ ਸ. ਮਨਜਿੰਦਰ ਸਿੰਘ ਔਲਖ਼ ਹੋਰਾਂ ਦੀ ਅਗਵਾਈ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਮਿਹਰਬਾਨ ਪੁਰਾ ਵਿਖੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ ਵਿਦਿਅਕ ਮੇਲਾ ਆਯੋਜਿਤ ਕੀਤਾ ਗਿਆ।
ਮੇਲੇ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀਆਂ, ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਹਿੱਸਾ ਲਿਆ ਅਤੇ ਮੇਲੇ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ। ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਕਿਸੇ ਵੀ ਕਾਨਵੇਂਟ ਸਕੂਲਾਂ ਤੋਂ ਵੀ ਵਧੀਆ ਦੱਸਿਆ। ਇਸ ਸ਼ਲਾਘਾ ਦਾ ਸੰਪੂਰਨ ਸਿਹਰਾ ਹੈੱਡ ਮਾਸਟਰ ਮਨਜਿੰਦਰ ਸਿੰਘ ਔਲਖ਼ ਹੋਰਾਂ ਨੇ ਆਪਣੇ ਸਕੂਲ ਦੇ ਮਿਹਨਤੀ ਅਧਿਆਪਕਾਂ ਦੇ ਸਿਰ ਬੰਨਦਿਆਂ ਕਿਹਾ ਕਿ ਸਕੂਲ ਦੇ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੇ ਅਧਿਆਪਕਾਂ ਨੇ ਅਣਥੱਕ ਮਿਹਨਤ ਕੀਤੀ ਹੈ। ਇਸ ਸਮੇਂ ਸ. ਖ਼ਜ਼ਾਨ ਸਿੰਘ, ਸ. ਮੇਜਰ ਸਿੰਘ, ਸ. ਹਰਵਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਸੰਤ ਨਗਰ ਅਤੇ ਸਟਾਫ ਅਤੇ ਸਰਕਾਰੀ ਹਾਈ ਸਕੂਲ ਮਿਹਰਬਾਨ ਪੁਰਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।