ਮਾਨਸਾ 07 ਸਤੰਬਰ (ਬਿਉਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਈਮੇਲ ਕਰਕੇ ਦਿੱਤੀ ਗਈ ਜਾਨੋਂ ਮਾਰਨ ਦੀ ਧਮਕੀ ਵਾਲਿਆਂ ਨੂੰ ਪੁਲਸ ਨੇ ਰਾਜਸਥਾਨ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। ਇਥੇ ਦੱਸਣਯੋਗ ਹੈ ਕਿ ਵਿਦੇਸ਼ ਤੋਂ ਵਾਪਸ ਆ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਧਮਕੀਆਂ ਆਉਣ ਦੀ ਸ਼ਿਕਾਇਤ ਦਿੱਤੀ ਸੀ ਅਤੇ ਮਾਨਸਾ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਜਬਰੀ ਵਸੂਲੀ ਤੋਂ ਧਮਕੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਸੀ।
ਪੁਲਸ ਨੇ ਦੱਸਿਆ ਕਿ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਛੇਤੀ ਹੀ ਪੰਜਾਬ ਲਿਆਂਦੇ ਜਾਣਗੇ।ਦੱਸਿਆ ਜਾ ਰਿਹਾ ਹੈ ਕਿ ਮਾਨਸਾ ਪੁਲਿਸ ਵੱਲੋਂ ਧਮਕੀ ਦੇਣ ਵਾਲੇ ਵਿਅਕਤੀ ਨੂੰ ਰਾਜਸਥਾਨ ਵਿੱਚੋਂ ਟਰੇਸ ਕੀਤਾ ਗਿਆ ਸੀ ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ ਪੁਲਸ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਪੁਲਿਸ ਵੱਲੋਂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਸੀ ।