ਜਲੰਧਰ, 1 ਸਤੰਬਰ (ਕਬੀਰ ਸੌਂਧੀ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਵੋਟਰ ਸੂਚੀ ਨੂੰ ਹੋਰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਜ਼ਿਲ੍ਹੇ ਦੇ ਸਮੁੱਚੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਸਮੂਹ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਆਧਾਰ ਡਾਟਾ ਇਕੱਤਰ ਕਰਨ ਲਈ ਹਰੇਕ ਮਹੀਨੇ ਦੇ ਇਕ ਐਤਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 4 ਸਤੰਬਰ 2022 ਨੂੰ ਲਗਾਇਆ ਜਾ ਰਿਹਾ ਹੈ। ਜਦਕਿ ਦੂਜਾ, ਤੀਜਾ ਅਤੇ ਚੌਥਾ ਕੈਂਪ ਕ੍ਰਮਵਾਰ 16 ਅਕਤੂਬਰ, 20 ਨਵੰਬਰ ਅਤੇ 4 ਦਸੰਬਰ 2022 ਨੂੰ ਲਗਾਇਆ ਜਾਵੇਗਾ। ਇਸੇ ਤਰ੍ਹਾਂ ਪੰਜਵਾਂ ਕੈਂਪ 8 ਜਨਵਰੀ 2023, ਛੇਵਾਂ ਕੈਂਪ 5 ਫਰਵਰੀ 2023 ਅਤੇ ਸੱਤਵਾਂ ਕੈਂਪ 5 ਮਾਰਚ 2023 ਨੂੰ ਲਗਾਇਆ ਜਾਣਾ ਹੈ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਵਿਸ਼ੇਸ਼ ਕੈਂਪ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ-6ਬੀ ਵਿੱਚ ਆਧਾਰ ਨੰਬਰ ਇਕੱਤਰ ਕੀਤੇ ਜਾਣਗੇ, ਜਿਸ ਸਬੰਧੀ ਸਮੂਹ ਸੁਪਰਵਾਈਜ਼ਰਾਂ ਤੇ ਬੀ.ਐਲ.ਓਜ਼ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀ ਜਾ ਚੁੱਕੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕਰਨਾ ਵੋਟਰ ਦੀ ਸਵੈ-ਇੱਛਾ ’ਤੇ ਨਿਰਭਰ ਹੈ। ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਉਹ ਆਪਣਾ ਆਧਾਰ ਕਾਰਡ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਉਹ ਫਾਰਮ-6 ਬੀ ਵਿੱਚ ਅੰਕਿਤ 11 ਹੋਰ ਦਸਤਾਵੇਜ਼ਾਂ ਵਿੱਚੋਂ ਇਕ ਸਵੈ ਤਸਦੀਕੀ ਦਸਤਾਵੇਜ਼ ਆਪਣੀ ਵੋਟ ਦੀ ਪ੍ਰਮਾਣਿਕਤਾ ਲਈ ਜਮ੍ਹਾ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕੈਂਪਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਦਾ ਲਾਭ ਲੈ ਸਕਣ। ਜ਼ਿਲ੍ਹੇ ਦੇ ਵੋਟਰਾਂ ਨੂੰ ਇਸ ਮੁਹਿੰਮ/ਕੈਂਪਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਕਿਹਾ।
4.76 ਲੱਖ ਤੋਂ ਵੱਧ ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਕੀਤੇ ਲਿੰਕ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ’ਚ ਹੁਣ ਤੱਕ 4,76,890 ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਵੋਟਰ ਕਾਰਡ ਨੂੰ ਘਰ ਬੈਠੇ ਆਧਾਰ ਨਾਲ ਲਿੰਕ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਐਨ.ਵੀ.ਐਸ.ਪੀ. (NVSP) ਜਾਂ ਵੋਟਰ ਹੈਲਪਲਾਈਨ ਐਪ ’ਤੇ ਆਨਲਾਈਨ ਫਾਰਮ 6-ਬੀ ਉਪਲਬਧ ਹੈ। ਦਸਤੀ ਫਾਰਮ ਲਈ ਬੀ.ਐਲ.ਓਜ਼, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।