ਪੰਜਾਬ ਪੁਲਿਸ ਵਿੱਚ ਆਈਜੀ ਰਹੇ ਤੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਐਸ ਆਈ ਟੀ ਵੱਲੋਂ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਟਿੱਪਣੀ ਕਰਦਿਆਂ ਆਖਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਰਨ ਦੀ ਜ਼ਰੂਰਤ ਨਹੀਂ ਸੀ ਸਿੱਧਾ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਜਿਹੜੇ ਵੀ ਲੋਕ ਸ਼ਾਮਲ ਹਨ, ਉਨ੍ਹਾਂ ਦੀ ਸਿੱਧੀ ਗ੍ਰਿਫ਼ਤਾਰੀ ਕੀਤੀ ਜਾਣੀ ਚਾਹੀਦੀ ਹੈ, ਪਰੰਤੂ ਅਜਿਹਾ ਨਹੀਂ ਹੁੰਦਾ। ਇਸ ਕਾਰਨ ਹੀ ਨਸ਼ੇ ਦੇ ਵਪਾਰੀ (ਬਿਕਰਮ ਮਜੀਠੀਆ ‘ਤੇ ਤੰਜ) ਨੂੰ ਜ਼ਮਾਨਤ ਮਿਲ ਗਈ।
ਦੱਸ ਦੇਈਏ ਕਿ ਵੀਰਵਾਰ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ 30 ਅਗਸਤ ਨੂੰ ਸਵੇਰੇ 10.30 ਵਜੇ ਐਸ.ਆਈ.ਟੀ. ਨੇ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਜਾਂਚ ਚੰਡੀਗੜ੍ਹ ਦੇ ਸੈਕਟਰ 32 ‘ਚ ਹੋਵੇਗੀ।
ਆਪ ਵਿਧਾਇਕ ਨੇ ਕਿਹਾ ਕਿ ਸੁਖਬੀਰ ਬਾਦਲ ਸਮੇਤ ਉਨ੍ਹਾਂ ਸਾਰੇ ਲੋਕਾਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, ਜਿਹੜੇ ਕੋਟਕਪੂਰਾ ਗੋਲੀਕਾਂਡ ਵਿੱਚਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਹੈ ਪਰ ਉਸ ਵਿੱਚ ਲਿਖੀ ਗਈ ਇੱਕ ਵੀ ਲਾਈਨ *ਤੇ ਅਜੇ ਤੱਕ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਿਸ ਦਿਨ ਮੈਨੂੰ ਕੋਈ ਇਸ ਸਬੰਧੀ ਕਿਸੇ ਗੱਲ ਬਾਰੇ ਪੁੱਛੇਗਾ ਤਾਂ ਮੈਂ ਖੁਦ ਹੀ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੱਸਾਂਗਾ।