ਜੰਡਿਆਲਾ ਗੁਰੂ (ਕੰਵਲਜੀਤ ਸਿੰਘ/ਦਵਿੰਦਰ ਸਿੰਘ ਸਹੋਤਾ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਲੋਕ ਵਿਰੋਧੀ ਬਿਜਲੀ ਬਿਲ-2022 ਵਾਪਸ ਕਰਵਾਉਣ ਲਈ ਗੋਲਡਨ ਗੇਟ ਸਵੇਰੇ, ਕੱਥੂ ਨੰਗਲ ਟੌਲ ਪਲਾਜ਼ਾ ‘ਤੇ ਸ਼ਾਮ ਚਾਰ ਵਜੇ ਮੋਦੀ ਸਰਕਾਰ ਦੇ ਅਰਥੀ-ਫੂਕ ਮੁਜਾਹਰੇ ਕੀਤੇ ਗਏ | ਆਗੂਆਂ ਨੇ ਕਿਹਾ ਕਿ ਇਹ ਬਿਲ ਪਾਸ ਹੋਣ ਨਾਲ ਜਨਤਕ ਖੇਤਰ ਦਾ ਅਦਾਰਾ ਕੌਡੀਆਂ ਦੇ ਭਾਅ ਕਾਰਪੋਰੇਟਾਂ ਨੂੰ ਵੇਚਿਆ ਜਾਵੇਗਾ | ਇਸ ਕਾਲੇ ਕਾਨੂੰਨ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਵੇਗੀ | ਇਸ ਬਿੱਲ ਵਿੱਚ ਇਹ ਵਿਵਸਥਾ ਰੱਖੀ ਗਈ ਹੈ ਕਿ ਖਪਤਕਾਰਾਂ ਨੂੰ ਕੋਈ ਸਬਸਿਡੀ ਸਿੱਧੀ ਨਹੀਂ ਮਿਲੇਗੀ | ਕਿਸਾਨਾਂ ਦੀਆਂ ਮੋਟਰਾਂ ਨੂੰ ਮੀਟਰ ਲਾ ਕੇ ਬਿਲ ਲਏ ਜਾਣਗੇ | ਇਸ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਆਪਣੇ ਰੇਟ ਮੁਤਾਬਕ ਵੇਚਣ ਦਾ ਅਧਿਕਾਰ ਮਿਲੇਗਾ |
ਪਾਵਰ ਸੈਕਟਰ ਕੇਂਦਰ ਅਤੇ ਰਾਜਾਂ ਦਾ ਸਾਂਝਾ ਖੇਤਰ ਹੈ, ਸੂਬਿਆਂ ਦੀ ਰਾਏ ਲਏ ਬਗੈਰ ਇਹ ਬਿੱਲ ਲਿਆਂਦਾ ਜਾ ਰਿਹਾ ਹੈ, ਇਸ ਤਰ੍ਹਾਂ ਇਹ ਦੇਸ਼ ਦੇ ਫੈਡਰਲ ਢਾਂਚੇ ‘ਤੇ ਵੱਡਾ ਹਮਲਾ ਹੈ | ਇਸ ਮੌਕੇ ਹਾਜ਼ਰ ਆਗੂ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਨਾਲ ਧਰੋਹ ਹੈ, ਜੋ ਦੇਸ਼ ਦਾ ਕਿਸਾਨ ਮਜ਼ਦੂਰ ਅਤੇ ਹਰ ਵਰਗ ਕਦੇ ਬਰਦਾਸ਼ਤ ਨਹੀਂ ਕਰੇਗਾ, ਆਉਣ ਵਾਲੇ ਦਿਨਾਂ ਵਿੱਚ ਵੱਡੇ ਅਤੇ ਵਿਆਪਕ ਪੱਧਰ ‘ਤੇ ਸੰਘਰਸ਼ ਵਿੱਢੇ ਜਾਣਗੇ ਅਤੇ ਰੇਲਾਂ ਦਾ ਚੱਕਾ ਵੀ ਜਾਮ ਕੀਤਾ ਜਾਵੇਗਾ | ਇਸ ਮੌਕੇ ਬਲਦੇਵ ਸਿੰਘ ਬੱਗਾ, ਡਾ. ਕਵਰਦਲੀਪ ਸਿੰਘ ਸੈਦੋ ਲੇਹਲ, ਗੁਰਲਾਲ ਸਿੰਘ ਮਾਨ, ਕੰਵਲਜੀਤ ਸਿੰਘ ਵਨਚਿੜੀ, ਕੁਲਜੀਤ ਸਿੰਘ ਘਨੂਪੁਰ, ਕੰਧਾਰ ਸਿੰਘ ਭੋਏਵਾਲ, ਮਨਰਾਜ ਸਿੰਘ ਵੱਲਾ, ਰਵਿੰਦਰਬੀਰ ਵੱਲਾ, ਮੰਗਜੀਤ ਸਿੱਧਵਾਂ, ਮੰਗਵਿੰਦਰ ਸਿੰਘ ਮੰਡਿਆਲਾ, ਹਰਦੇਵ ਸਿੰਘ ਸਾਂਘਣਾ, ਰਾਜਵਿੰਦਰ ਸਿੰਘ ਬੋਧ, ਬਲਵਿੰਦਰ ਸਿੰਘ ਚੱਬਾ ਅਤੇ ਸ਼ਮਸ਼ੇਰ ਸਿੰਘ ਛੇਹਰਟਾ ਆਦਿ ਆਗੂ ਹਾਜ਼ਰ ਸਨ |