ਓਲੰਪੀਅਨ ਸੋਢੀ ਦੀ ਜੀਵਨੀ ਬਾਰੇ ਕੀਤੀ ਜਾਣਕਾਰੀ ਹਾਸਿਲ, ਜਿਸਤੋਂ ਪ੍ਰਭਾਵਿਤ ਹੋ ਕੇ ਚੰਗੇ ਹਾਕੀ ਖਿਡਾਰੀ ਬਣਨ ਦਾ ਕੀਤਾ ਪ੍ਰਣ
ਓਲੰਪੀਅਨ ਸੋਢੀ ਨੇ ਬੱਚੀਆਂ ਨੂੰ ਦਿੱਤੇ ਹਾਕੀ ਟਿਪਸ , ਬੱਚੀਆਂ ਨੇ ਖਿਚਵਾਈਆਂ ਯਾਦਗਾਰੀ ਤਸਵੀਰਾਂ
ਓਲੰਪੀਅਨ ਸੋਢੀ ਨੇ ਹਾਕੀ ਕੋਚ ਮਨਪ੍ਰੀਤ ਸਿੰਘ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਦਾ ਦਿਵਾਇਆ ਵਿਸ਼ਵਾਸ
ਜਲੰਧਰ, 08 ਅਗਸਤ (ਕਬੀਰ ਸੌਂਧੀ) : ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੀਆਂ ਹਾਕੀ ਖਿਡਾਰਨਾਂ ਨੇ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨ Retd. IPS ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਖੁਲਾ ਸਮਾਂ ਦਿੰਦੇ ਹੋਏ ਬੱਚੀਆਂ ਅਤੇ ਉਨ੍ਹਾਂ ਦੇ ਕੋਚ ਮਨਪ੍ਰੀਤ ਸਿੰਘ ਨਾਲ ਵਿਚਾਰ ਸਾਂਝੇ ਕੀਤੇ। ਬੱਚੀਆਂ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਜੀਵਨੀ ਬਾਰੇ ਉਨ੍ਹਾਂ ਪਾਸੋਂ ਜਾਣਕਾਰੀ ਹਾਸਿਲ ਕੀਤੀ, ਜਿਸਤੋਂ ਪ੍ਰਭਾਵਿਤ ਹੋ ਕੇ ਬੱਚੀਆਂ ਨੇ ਵੀ ਚੰਗੇ ਹਾਕੀ ਖਿਡਾਰੀ ਬਣਨ ਦਾ ਪ੍ਰਣ ਕੀਤਾ।
ਇਸ ਮੌਕੇ ਬੱਚੀਆਂ ਨੂੰ ਸਿਖਲਾਈ ਦੇ ਰਹੇ ਹਾਕੀ ਕੋਚ ਮਨਪ੍ਰੀਤ ਸਿੰਘ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 80 ਦੇ ਕਰੀਬ ਬੱਚੀਆਂ ਨੂੰ ਕੋਚਿੰਗ ਦੇ ਰਹੇ ਹਨ ਅਤੇ ਇਸ ਦੌਰਾਨ ਮੈਡਮ ਸਤਿੰਦਰ ਕੌਰ ਵੀ ਮੈਦਾਨ ਵਿੱਚ ਮੌਜੂਦ ਰਹਿੰਦੇ ਹਨ। ਉਹਨਾਂ ਦੱਸਿਆ ਕਿ ਬਿਨਾ ਕਿਸੀ ਸਰਕਾਰੀ ਸਹਾਇਤਾ ਤੋਂ ਆਪਣੇ ਅਤੇ ਸਹਯੋਗੀਆਂ ਦੇ ਸਹਿਯੋਗ ਨਾਲ ਬੱਚੀਆਂ ਨੂੰ ਕਿੱਟਾਂ, ਬੂਟ, ਹਾਕੀਆਂ ਅਤੇ ਡਾਈਟ ਦਿੱਤੀ ਜਾ ਰਹੀ ਹੈ।
ਹਾਕੀ ਕੋਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਫੁੱਟਬਾਲ ਅਤੇ ਵਾਲੀਬਾਲ ਦੀ ਵੀ ਕੋਚਿੰਗ ਦਿੱਤੀ ਜਾਂਦੀ ਹੈ, ਜਿਸ ਲਈ ਰਿਟਾਇਰਡ SP ਪੰਜਾਬ ਪੁਲਿਸ ਧਰਮਵੀਰ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ NGO ਅਰਜੁਨ ਯੂਥ ਫੈਡਰੇਸ਼ਨ, ਹਰਪ੍ਰੀਤ ਸਿੰਘ ਘੁਲਾਲ, ਬਲਜੀਤ ਸਿੰਘ, ਲਖਵੀਰ ਸਿੰਘ ਲੱਭਾ, ਜਸਵੀਰ ਜੱਸੀ, ਉਦੈ ਰਾਠੌੜ, ਸੁੱਖਾ ਪ੍ਰਧਾਨ ਜੀ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਬਹੁਤ ਮਿਹਨਤ ਕਰਦੇ ਹੋਏ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਮੁੰਡੀਆਂ ਪਿੰਡ ਵਾਸੀ ਵੀ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਸਮੇਂ ਸਮੇਂ ਤੇ ਉਪਰਾਲੇ ਕਰਦੇ ਰਹਿੰਦੇ ਹਨ।
ਹਾਕੀ ਕੋਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਕੂਲ ਬੱਚੇ ਨੈਸ਼ਨਲ ਤੇ ਸਟੇਟ ਵੀ ਖੇਡੇ ਹਨ ਅਤੇ ਹੋਰ ਵੀ ਉਪਲਬਧੀਆਂ ਹਾਸਿਲ ਕਰ ਰਹੇ ਹਨ। ਉਨ੍ਹਾਂ ਨੇ ਸਕੂਲ ਵਿੱਚ ਹਾਕੀ ਦੀ ਕੋਚਿੰਗ ਦੇਣ ਲਈ ਲੋੜੀਂਦੀ ਗਰਾਉਂਡ ਨਾ ਹੋਣ ਕਰਕੇ ਹਾਕੀ ਟਰਫ ਲਗਾਉਣ ਅਤੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਮੰਗ ਪੱਤਰ ਵੀ ਦਿੱਤਾ।
ਇਸ ਮੌਕੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਹਾਕੀ ਕੋਚ ਮਨਪ੍ਰੀਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਬੱਚੀਆਂ ਦੇ ਉਜਵਲ ਭਵਿੱਖ ਲਈ ਉਹ ਆਪਣੀ ਪੰਜਾਬ ਸਰਕਾਰ ਵਲੋਂ ਹਰ ਤਰਾਂ ਦੀਆਂ ਸਹੂਲਤਾਂ ਮੁਹਈਆ ਕਰਵਾਉਣਗੇ। ਉਹਨਾਂ ਕਿਹਾ ਕਿ ਉਹ ਖੁਦ ਇੱਕ ਸਪੋਟਸਮੈਨ ਰਹੇ ਹਨ ਅਤੇ ਉਹ ਬੱਚਿਆਂ ਦੇ ਉਜਵਲ ਭਵਿੱਖ ਲਈ ਦਿਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਜਿਸ ਲਈ ਹਾਕੀ ਕੋਚ ਮਨਪ੍ਰੀਤ ਸਿੰਘ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵਲੋਂ ਬੱਚੀਆਂ ਨੂੰ ਹਾਕੀ ਟਿਪਸ ਵੀ ਦਿਤੇ ਗਏ ਅਤੇ ਬੱਚੀਆਂ ਲਈ ਰਿਫਰੇਸ਼ਮੈਂਟ ਦਾ ਵੀ ਇੰਤਜਾਮ ਕੀਤਾ ਗਿਆ। ਉਹਨਾਂ ਨੇ ਬੱਚੀਆਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹਾਈ ਕਰਨ ਵੱਲ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਦੇ ਨਾਲ ਪੜ੍ਹਾਈ ਕਰਨਾ ਵੀ ਬਹੁਤ ਜਰੂਰੀ ਹੈ ਤਾਂ ਹੀ ਕਿਸੇ ਉਚ ਮੁਕਾਮ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੀਆਂ ਹਾਕੀ ਖਿਡਾਰਨਾਂ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ, ਜਿਸਨੂੰ ਲੈ ਕੇ ਬੱਚੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।