ਜਲੰਧਰ, 31 ਜੁਲਾਈ (ਕਬੀਰ ਸੌਂਧੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਕਿਸਾਨਾਂ ਨੇ ਐਤਵਾਰ ਸਵੇਰੇ 11 ਵਜੇ ਰੇਲਵੇ ਟਰੈਕ ‘ਤੇ ਧਰਨਾ ਦਿੱਤਾ। ਕਿਸਾਨਾਂ ਨੇ ਦੁਪਹਿਰ 3 ਵਜੇ ਤੱਕ ਰੇਲਵੇ ਟ੍ਰੈਕ ’ਤੇ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਤਹਿਤ ਲਾਏ ਗਏ ਧਰਨਿਆਂ ਕਾਰਨ ਰੇਲਗੱਡੀਆਂ ਦੀ ਆਵਾਜਾਈ ਰੁਕ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਯੂਨੀਅਨਾਂ ਵਲੋਂ ਕੈਂਟ ਰੇਲਵੇ ਸਟੇਸ਼ਨ ਉਤੇ ਲਾਏ ਗਏ ਧਰਨੇ ਕਾਰਨ ਜਲੰਧਰ ਤੋਂ ਹੋ ਕੇ ਅੰਮ੍ਰਿਤਸਰ ਤੇ ਪਠਾਨਕੋਟ ਨੂੰ ਜਾਣ ‘ਤੇ ਆਉਣ ਵਾਲੀਆਂ ਰੇਲਗੱਡੀਆਂ ਪਿੱਛੇ ਹੀ ਰੋਕ ਦਿੱਤੀਆਂ ਗਈਆਂ ਹਨ।
ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਤਾਬਦੀ ਐਕਸਪ੍ਰੈੱਸ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਹੀ ਜਲੰਧਰ ਤੋਂ ਨਿਕਲ ਗਈ ਹੈ। ਧਰਨੇ ਕਾਰਨ ਰੇਲਵੇ ਵਿਭਾਗ ਨੇ ਦਿੱਲੀ ਪਠਾਨਕੋਟ ਤੇ ਇੰਟਰਸਿਟੀ ਐਕਸਪ੍ਰੈੱਸ ਰੇਲਗੱਡੀਆਂ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਉਤੇ ਹੀ ਰੋਕ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਅੰਦੋਲਨ ਦੁਪਹਿਰ 3 ਵਜੇ ਤੱਕ ਚੱਲਦਾ ਰਹੇਗਾ।
ਇਸ ਦੌਰਾਨ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਇਕੱਠ ਹੋਇਆ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਜਲੀ ਦਿੱਤੀ।
ਮਹਿਲਾ ਕਿਸਾਨ ਵੀ ਪੂਰੇ ਜੋਸ਼ ਨਾਲ ਅੰਦੋਲਨ ਵਿੱਚ ਸ਼ਾਮਲ ਹੋ ਰਹੀਆਂ ਹਨ। ਟੋਲ ਪਲਾਜ਼ੇ ਤੇ ਸੜਕਾਂ ਵੀ ਜਾਮ ਕੀਤੀਆਂ ਜਾ ਰਹੀਆਂ ਹਨ।
ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ। ਇਸ ਦੇ ਨਾਲ ਹੀ ਕਿਸਾਨਾਂ ਨੇ ਦਿੱਲੀ-ਜੰਮੂਤਵੀ ਰੇਲ ਸੈਕਸ਼ਨ ‘ਤੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਸਭ ਤੋਂ ਮਹੱਤਵਪੂਰਨ ਰੇਲਵੇ ਫਾਟਕ ‘ਤੇ ਧਰਨਾ ਦੇਣ ਦਾ ਐਲਾਨ ਕੀਤਾ ਹੈ।