ਚੰਡੀਗੜ੍ਹ (ਬਿਊਰੋ): ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਡਾਕਟਰ ਰਾਜ ਬਹਾਦਰ ਨੇ ਸਿਹਤ ਮੰਤਰੀ ਵੱਲੋਂ ਜ਼ਲੀਲ ਹੋ ਕੇ ਅਸਤੀਫਾ ਦਿੱਤਾ ਹੈ। ਜੇਕਰ ਸੀ.ਐਮ.ਭਗਵੰਤ ਮਾਨ ‘ਚ ਕੋਈ ਇਮਾਨਦਾਰੀ ਹੈ ਤਾਂ ਉਹ ਤੁਰੰਤ ਸਿਹਤ ਮੰਤਰੀ ਨੂੰ ਆਪਣੀ ਕੈਬਨਿਟ ‘ਚੋਂ ਬਰਖਾਸਤ ਕਰਕੇ ਡਾਕਟਰ ਰਾਜ ਬਹਾਦਰ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ। ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਦੀ ਕੀਤੀ ਗਈ ‘ਬੇਇੱਜ਼ਤੀ’ ਦੀ ਸਰਬ-ਪੱਖੀ ਨਿਖੇਧੀ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੇ ਬਹੁਤ ਦੁਰਵਿਵਹਾਰ ਕੀਤਾ ਹੈ।
ਡਾ. ਰਾਜ ਬਹਾਦੁਰ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਡਾਕਟਰ ਹਨ ਤੇ ਇਹ ਸਿਹਤ ਮੰਤਰੀ 12ਵੀਂ ਪਾਸ ਹੈ। ਉਨ੍ਹਾਂ ਕਿਹਾ ਕਿ ਮੰਤਰੀ ਗੱਲਬਾਤ ਕਰ ਸਕਦੇ ਸੀ ਪਰ ਕਿਸੇ ਦੀ ਤੌਹੀਨ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਨੂੰ ਡਾਕਟਰ ਰਾਜਬਹਾਦਰ ਤੋਂ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।