ਜੰਡਿਆਲਾ ਗੁਰੂ, 29 ਜੂਨ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਸਿੱਖ ਇਤਿਹਾਸ ਅਤੇ ਗੁਰਮਤ ਪ੍ਰਚਾਰ ਦੇ ਤਹਿਤ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਬਟਾਲਾ,ਸੁਲਤਾਨਪੁਰ ਲੋਧੀ ਤੋਂ ਹੁੰਦਿਆਂ ਜੰਡਿਆਲਾ ਗੁਰੂ ਪਹੁੰਚੇ ਸੰਤ ਸਿਪਾਹੀ ਵਿਚਾਰ ਮੰਚ (ਰਜਿ) ਦਿੱਲੀ ਦੇ ਕੋਆਰਡੀਨੇਟਰ ਸ: ਹਰੀ ਸਿੰਘ ਮਥਾਰੂ ਜੀ ਅਤੇ ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਦੇ ਸੇਵਾਦਾਰ,ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਦਿਲਬਾਗ ਸਿੰਘ ਮੇਲਕ ਨੇ ਜਾਣਕਾਰੀ ਸਾਂਝੀ ਕੀਤੀ ਕਿ ਸੰਤ ਸਿਪਾਹੀ ਵਿਚਾਰ ਮੰਚ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੇਸ ਸੰਭਾਲ ਦਿਵਸ ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾ ਰਹੀ ਹੈ।
ਕੇਸ ਸੰਭਾਲ ਦਿਵਸ ਨਾਲ ਸੰਬੰਧਤ ਸਮਾਗਮ ਮਿਤੀ 1 ਜੁਲਾਈ ਨੂੰ ਸਵੇਰੇ 10 ਵਜੇ ਭਾਈ ਅਵਤਾਰ ਸਿੰਘ ਧਾਰੋਵਾਲੀ ਜੀ ਦੇ ਜਥੇ ਵੱਲੋਂ ਕੀਰਤਨ ਦੇ ਨਾਲ ਸ਼ੁਰੂ ਹੋਣਗੇ ਅਤੇ ਉਪਰੰਤ ਸਵੇਰੇ 11 ਵਜੇ ਤੋਂ 12:30 ਵਜੇ ਤੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਭਾਈ ਰਛਪਾਲ ਸਿੰਘ ਪਾਲ ਜਲੰਧਰ, ਬੀਬੀ ਜਤਿੰਦਰ ਕੌਰ ਅਨੰਦਪੁਰੀ, ਭਾਈ ਸੁਖਜੀਵਨ ਸਿੰਘ ਸਫਰੀ ਦਸੂਹਾ, ਭਾਈ ਮਲਕੀਤ ਸਿੰਘ ਨਿਮਾਣਾ ਮੱਤੇਵਾਲ, ਭਾਈ ਗੁਰਚਰਨ ਸਿੰਘ ਚਰਨ ਦਿੱਲੀ, ਭਾਈ ਕਰਮਜੀਤ ਸਿੰਘ ਨੂਰ ਜਲੰਧਰ,ਕਾਕਾ ਗੁਰਬਚਨ ਸਿੰਘ ਦਿੱਲੀ ਆਪਣੀ ਕਵਿਤਾਵਾਂ ਰਾਹੀਂ ਕੇਸਾਂ ਦੀ ਮਹੱਤਤਾ ਅਤੇ ਭਾਈ ਤਾਰੂ ਸਿੰਘ ਜੀ ਦੇ ਜੀਵਨ ਸੰਬੰਧੀ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ। ਉਪਰੰਤ ਗਿਆਨੀ ਜਸਵਿੰਦਰ ਸਿੰਘ ਦਰਦੀ ਕਥਾਵਾਚਕ ਸ਼੍ਰੀ ਮੰਜੀ ਸਾਹਿਬ (ਅੰਮ੍ਰਿਤਸਰ) ਦੁਪਹਿਰ 12:30 ਤੋਬ 1:30 ਵਜੇ ਤੱਕ ਸੰਗਤਾਂ ਨਾਲ ਕਥਾ ਵਿਚਾਰ ਸਾਂਝੇ ਕਰਨਗੇ। ਉਪਰੰਤ ਸਮਾਪਤੀ ਭੋਗ ਪਾਏ ਜਾਣਗੇ। ਸ: ਹਰੀ ਸਿੰਘ ਮਥਾਰੂ ਜੀ ਅਤੇ ਦਿਲਬਾਗ ਮੇਲਕ ਜੰਡਿਆਲਾ ਗੁਰੂ ਵਿਖੇ ਕਈ ਸਿੱਖ ਪ੍ਰਚਾਰਕਾਂ, ਗੁਰਦੁਆਰਾ ਕਮੇਟੀਆਂ ਨੂੰ ਵੀ ਮਿਲੇ ਅਤੇ ਸਮਾਗਮ ਸੰਬੰਧੀ ਸੱਦੇ ਪੱਤਰ ਵੀ ਦਿੱਤੇ।