ਨਵੀਂ ਦਿੱਲੀ, 29 ਮਈ (ਬਿਊਰੋ) : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਮੰਗ ਕੀਤੀ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕੱਲ੍ਹ ਸਮਾਜਿਕ ਸਿਤਾਰਿਆਂ ਦੀ ਸੁਰੱਖਿਆ ਵਾਪਸ ਲੈ ਲਈ ਸੀ ਤੇ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਸੁਰੱਖਿਆ ਵਾਪਸ ਲੈਣ ਦੀ ਸੂਚੀ ਜਾਣ ਬੁੱਝ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਜਿਸ ਨਾਲ ਜਿਹਨਾਂ ਦੀ ਸੁਰੱਖਿਆ ਵਾਪਸ ਹੋਈ, ਉਹਨਾਂ ਦੀ ਜਾਨ ਜ਼ੋਖ਼ਮ ਵਿਚ ਪੈ ਗਈ ਹੈ। ਉਹਨਾਂ ਕਿਹਾ ਕਿ ਅੱਜ ਇਹ ਭਾਣਾ ਵਾਪਰ ਗਿਆ ਕਿਉਂਕਿ ਭਗਵੰਤ ਮਾਨ ਨੇ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਸੀ।
ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬਰ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਇਸ ਪਾਸੇ ਧਿਆਨ ਦੇਵੇ ਕਿਉਂਕਿ ਪੰਜਾਬ ਵਿਚ ਅਮਨ ਕਾਨੁੰਨ ਵਿਵਸਥਾ ਢਹਿ ਢੇਰੀ ਹੋ ਚੁੱਕੀ ਹੈ। ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੁੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਜਾਂਚ ਹੋਣੀ ਚਾਹੀਦੀ ਹੈ ਕਿ ਸੁਰੱਖਿਆ ਵਾਪਸ ਲੈਣ ਦੀ ਸੂਚੀ ਕਿਸਨੇ ਵਾਇਰਲ ਕੀਤੀ ਜਿਸ ਨਾਲ ਇਹ ਘਟਨਾ ਵਾਪਰੀ ਹੈ।