ਜਲੰਧਰ, 25 ਮਈ (ਕਬੀਰ ਸੌਂਧੀ) : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਸੱਤਾ ਸੰਭਾਲਦੇ ਸਾਰ ਹੀ ਪੰਜਾਬੀਆਂ ਨੂੰ ਉਮੀਦ ਸੀ ਕੀ ਹੁਣ ਇਕ ਇਮਾਨਦਾਰ ਸਰਕਾਰ ਤੇ ਮੰਤਰੀ ਸੂਬੇ ਨੂੰ ਚਲਾਉਣਗੇ ਪਰ ਅਜੇ ਸਰਕਾਰ ਬਣੇ ਨੂੰ 2 ਮਹੀਨੇ ਹੀ ਹੋਏ ਹਨ ਕਿ ਮੰਤਰੀਆਂ-ਸੰਤਰੀਆਂ ਨੇ ਤਾਂ ਆਪਣੇ ਰੰਗ ਵੀ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦਾ ਕੋਈ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਕਿਸੇ ਨੇ ਬੈਂਕ ਨਾਲ ਨਾਲ 40 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਤਾਂ ਕੋਈ ਬਦਮਾਸ਼ੀ ਦੇ ਚੱਕਰ ਵਿਚ 3 ਸਾਲ ਲਈ ਜੇਲ ਦੀ ਹਵਾ ਖਾਣ ਲਈ ਤਿਆਰ ਹੈ।
ਇਕ ਪਾਸੇ ਜਿਥੇ ਕਾਂਗਰਸ ਸੱਤਾ ਤੋਂ ਬਾਹਰ ਹੋ ਕੇ ਡਾਂਵਾਡੋਲ ਦੀ ਸਥਿਤੀ ਵਿਚ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਰਹਿ ਕੇ ਵੀ ਡਾਂਵਾਡੋਲ ਬਣੀ ਹੋਈ ਹੈ। ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਆਪ ਨੂੰ ਮੌਕਾ ਦਿੱਤਾ ਪਰ ਉਹ ਆਗੂ ਵੀ ਜਿੱਤ ਗਏ ਜਿਹਨਾਂ ਦੀ ਨਾ ਤਾਂ ਕੋਈ ਉਮੀਦ ਸੀ ਤੇ ਨਾ ਹੀ ਇਸ ਕਾਬਿਲ ਸਨ। ਅਜਿਹੇ ਹੀ 3 ਆਗੂਆਂ ਦੇ ਚਿਹਰੇ ਤਾਂ ਨੰਗੇ ਹੋ ਚੁੱਕੇ ਹਨ ਅਤੇ ਅੱਗੇ 2 ਹੋਰ ਮੰਤਰੀ ਵੀ ਆਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਾ ਨਿਭਾਉਣ ਕਾਰਨ ਸੀਐੱਮ ਭਗਵੰਤ ਮਾਨ ਦੇ ਨਿਸ਼ਾਨੇ ਉਤੇ ਹਨ ਅਤੇ ਕਾਰਵਾਈ ਕਿਸੇ ਵੀ ਸਮੇਂ ਹੋ ਸਕਦੀ ਹੈ।
ਅਜਿਹੇ ਵਿਚ ਦੇਖਣ ਵਾਲੀ ਸਥਿਤੀ ਤਾਂ ਇਹ ਬਣਦੀ ਹੈ ਕਿ ਆਪ ਹਾਈਕਮਾਂਡ ਅਜਿਹੇ ਆਗੂਆਂ ਤੇ ਮੰਤਰੀਆਂ ਨੂੰ ਪਾਰਟੀ ਵਿਚ ਰੱਖਦੀ ਹੈ ਜਾਂ ਫਿਰ ਬਾਹਰ ਦਾ ਰਸਤਾ ਦਿਖਾ ਦਿੰਦੀ ਹੈ। ਜੋ ਵੀ ਹੋਵੇ ਅਜਿਹੇ ਮੰਤਰੀ ਤੇ ਆਗੂ ਆਮ ਆਦਮੀ ਪਾਰਟੀ ਦੀ ਸਾਖ ਨੂੰ ਦਾਅ ਉੱਤੇ ਲਾ ਰਹੇ ਹਨ ਅਤੇ ਜੋ ਆਗੂ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਵੀ ਰਹੇ ਹਨ, ਉਹਨਾਂ ਉਪਰੋਂ ਵੀ ਲੋਕਾਂ ਦਾ ਵਿਸ਼ਵਾਸ ਇਸ ਤਰ੍ਹਾਂ ਖਤਮ ਹੋ ਸਕਦਾ ਹੈ। ਇਸ ਦੌਰਾਨ ਅਸੀ ਤੁਹਾਨੂੰ ਉਹਨਾਂ 3 ਆਗੂਆਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਦੇ ਆਪ ਸਰਕਾਰ ਦੇ 2 ਮਹੀਨੇ ਦੇ ਕਾਰਜਕਾਲ ਵਿਚ ਹੀ ਮਖੋਟੇ ਉਤਰ ਗਏ ਹਨ।