ताज़ा खबरपंजाब

ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ, ਪਿਉ ਦੀ ਮੌਤ ਮਗਰੋਂ ਛੋਟੀ ਉਮਰ ‘ਚ ਪੁੱਤਰ ਮਜ਼ਦੂਰੀ ਕਰਨ ਲਈ ਮਜ਼ਬੂਰ

ਭਿੱਖੀਵਿੰਡ/ਖਾਲੜਾ (ਕੰਵਲਜੀਤ ਸਿੰਘ ਲਾਡੀ) : ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਦੇ ਗਰੀਬ ਪਰਿਵਾਰ ਨੇ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਾਈ ਹੈ। ਆਪਣੀ ਦੁੱਖਭਰੀ ਦਾਸਤਾਨ ਬਿਆਨ ਕਰਦਿਆਂ ਕੰਵਲਜੀਤ ਕੌਰ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਸਦਾ ਪਤੀ ਗੁਰਪਿੰਦਰ ਸਿੰਘ ਭਿੱਖੀਵਿੰਡ ਦੇ ਬਿਜਲੀ ਘਰ ‘ਚ ਪ੍ਰਾਈਵੇਟ ਲਾਈਨਮੈਨ ਸੀ। ਕੰਵਲਜੀਤ ਕੌਰ ਨੇ ਦੱਸਿਆ ਕਿ ਬੀਤੇ 5 ਮਹੀਨੇ ਪਹਿਲਾਂ ਉਸਦਾ ਪਤੀ ਖੰਭੇ ‘ਤੇ ਤਾਰ ਠੀਕ ਕਰਨ ਲਈ ਚੜ੍ਹਿਆ ਸੀ। ਤਾਰ ਠੀਕ ਕਰਨ ਦੌਰਾਨ ਗੁਰਪਿੰਦਰ ਸਿੰਘ ਨੂੰ ਖੰਭੇ ਤੋਂ ਕਰੰਟ ਲੱਗ ਗਿਆ ਅਤੇ ਹੇਠਾਂ ਜ਼ਮੀਨ ‘ਤੇ ਡਿੱਗਣ ਕਾਰਨ ਉਸਦੀ ਰੀੜ੍ਹ ਦੀ ਹੱਡੀ ਕਰੈਕ ਹੋ ਗਈ। ਸੱਟ ਲੱਗਣ ਮਗਰੋਂ ਕੁਝ ਬਿਜਲੀ ਮੁਲਾਜ਼ਮਾਂ ਅਤੇ ਮੁਹੱਲੇ ਵਾਲਿਆਂ ਨੇ ਉਗਰਾਹੀ ਕਰਕੇ ਗੁਰਪਿੰਦਰ ਸਿੰਘ ਦਾ ਇਲਾਜ ਕਰਵਾ ਦਿੱਤਾ ਸੀ। ਡਾਕਟਰਾਂ ਨੇ ਆਪਰੇਸ਼ਨ ਮਗਰੋਂ ਗੁਰਪਿੰਦਰ ਸਿੰਘ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਸੀ। ਕੰਵਲਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਆਪਰੇਸ਼ਨ ਮਗਰੋਂ ਕੁਝ ਦਿਨ ਸਹੀ ਰਿਹਾ ਪਰ ਇੱਕ ਦਿਨ ਜਦੋਂ ਉਸਦਾ ਪਾਸਾ ਪਲਟਿਆ ਗਿਆ ਤਾਂ ਉਸਦੀ ਪਿੱਠ, ਲੱਕ ਅਤੇ ਚੂਕਣਾ ਬੁਰੀ ਤਰ੍ਹਾਂ ਗਲ ਚੁੱਕੇ ਸਨ। ਕੰਵਲਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਪੂਰਾ ਇਲਾਜ ਨਾ ਹੋਣ ਕਾਰਨ ਉਸਦਾ ਸਾਰਾ ਸਰੀਰ ਬੁਰੀ ਤਰ੍ਹਾਂ ਗਲ ਚੁੱਕਾ ਸੀ, ਜਿਸ ਕਾਰਨ ਬੀਤੇ ਕੁੱਝ ਦਿਨ ਪਹਿਲਾ ਉਸਦੇ ਪਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਨੇ ਅਨੇਕਾਂ ਵਾਰ ਸਰਕਾਰ ਦੇ ਕਈ ਨੁਮਾਇੰਦਿਆਂ ਅਤੇ ਸਮਾਜਸੇਵੀ ਵੀਰਾਂ ਨੂੰ ਆਪਣੇ ਪਤੀ ਦਾ ਇਲਾਜ਼ ਕਰਵਾਉਣ ਲਈ ਅਪੀਲ ਕੀਤੀ। ਪਰ ਕਿਸੇ ਨੇ ਵੀ ਉਸਦੀ ਦੀ ਸਾਰ ਨਹੀਂ ਲਈ।

ਕੰਵਲਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਜਾਣ ਕਾਰਨ ਉਸਦੇ ਬੱਚਿਆਂ ਦੀ ਪੜ੍ਹਾਈ ਵੀ ਰੁਕ ਗਈ ਹੈ ਅਤੇ ਉਸਦੇ ਘਰ ਵਿੱਚ ਦੋ ਵਕਤ ਦੀ ਰੋਟੀ ਵੀ ਨਹੀਂ ਪੱਕ ਰਹੀ। ਕੰਵਲਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਗੁਰਪਿੰਦਰ ਸਿੰਘ ਦੀ ਮੌਤ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਉਣਾ ਹੈ, ਪ੍ਰੰਤੂ ਉਨ੍ਹਾਂ ਕੋਲ ਘਰ ‘ਚ ਖੰਡ, ਚਾਹ ਅਤੇ ਦੁੱਧ ਲਈ ਵੀ ਕੋਈ ਪੈਸਾ ਨਹੀਂ ਹੈ। ਕੰਵਲਜੀਤ ਕੌਰ ਨੇ ਸਮਾਜਸੇਵੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੋਈ ਰੱਬ ਦਾ ਫਰਿਸ਼ਤਾ ਉਨ੍ਹਾਂ ਦੇ ਪਰਿਵਾਰ ਦੀ ਸਾਰ ਲਵੇ ਤਾਂ ਜੋ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਹੋਣ ਵਾਲੀਆਂ ਸਾਰੀਆਂ ਰਸਮਾਂ ਨੂੰ ਪੂਰਾ ਕਰ ਸਕੇ। ਜ਼ਿਕਰਯੋਗ ਹੈ ਕਿ ਜਦੋਂ ਮ੍ਰਿਤਕ ਗੁਰਪਿੰਦਰ ਸਿੰਘ ਦੇ ਛੋਟੇ ਲੜਕੇ ਜਰਮਨਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੇ ਪਿਤਾ ਦੇ ਸੱਟ ਲੱਗਣ ਕਾਰਨ ਉਹ ਬੀਤੇ ਲੰਮੇ ਸਮੇਂ ਤੋਂ ਸਕੂਲ ਨਹੀਂ ਜਾ ਰਿਹਾ। ਜਰਮਨਬੀਰ ਸਿੰਘ ਨੇ ਕਿਹਾ ਕਿ ਉਸਨੂੰ ਉਮੀਦ ਸੀ ਕਿ ਉਸਦੇ ਪਿਤਾ ਗੁਰਪਿੰਦਰ ਸਿੰਘ ਜਲਦ ਠੀਕ ਹੋ ਜਾਣਗੇ, ਪ੍ਰੰਤੂ ਬੀਤੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਮੌਤ ਹੋ ਜਾਣ ਕਾਰਨ ਸ਼ਾਇਦ ਉਹ ਆਪਣੀ ਪੜ੍ਹਾਈ ਵੀ ਪੂਰੀ ਨਾ ਕਰ ਸਕੇਗਾ। ਜਰਮਨ ਦਾ ਕਹਿਣਾ ਸੀ ਕਿ ਉਸਦੇ ਪਿਤਾ ਦੇ ਬੈੱਡ ਰੈਸਟ ‘ਤੇ ਹੋਣ ‘ਤੇ ਵੀ ਉਹ ਦਿਹਾੜੀ ਕਰਦਾ ਸੀ, ਪ੍ਰੰਤੂ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਸਾਰਾ ਬੋਝ ਉਸਦੇ ਸਿਰ ‘ਤੇ ਆ ਚੁੱਕਾ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਅਤੇ ਛੋਟੇ ਬੱਚੇ ਨੇ ਸਮਾਜਸੇਵੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਦੋ ਵਕਤ ਦੀ ਰੋਟੀ ਖਾ ਸਕਣ। ਇਸ ਪਰਿਵਾਰ ਦੀ ਮਦਦ ਕਰਨ ਲਈ ਸਮਾਜ ਸੇਵੀ ਵੀਰ ਫੋਨ ਨੰਬਰ 8528870608 ‘ਤੇ ਇਸ ਗਰੀਬ ਪਰਿਵਾਰ ਨਾਲ ਸੰਪਰਕ ਕਰ ਸਕਦੇ ਹਨ।

Related Articles

Leave a Reply

Your email address will not be published.

Back to top button