ਚੋਹਲਾ ਸਾਹਿਬ/ਤਰਨ ਤਾਰਨ,19 ਮਈ (ਰਾਕੇਸ਼ ਨਈਅਰ) : ਪਿਛਲੇ ਦਿਨੀਂ ਨਾੜ ਨੂੰ ਲੱਗੀ ਅੱਗ ਅਤੇ ਅੱਤ ਦੀ ਗਰਮੀ ਨਾਲ ਹਜਾਰਾਂ ਹੀ ਪੰਛੀ ਬੇਘਰ ਹੋ ਗਏ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਫੋਟੋਆਂ ਮੁਤਾਬਕ ਕੁਝ ਪੰਛੀਆਂ ਨੇ ਤਾਂ ਆਪਣੀ ਜਾਨ ਤੱਕ ਆਪਣੇ ਬੱਚਿਆਂ ਨੂੰ ਬਚਾਉਣ ਲਈ ਦੇ ਦਿੱਤੀ।ਇਹਨਾਂ ਘਟਨਾਵਾਂ ਨੇ ਹਰ ਆਦਮੀ ਦੇ ਹਿਰਦੇ ਵਲੂੰਧਰ ਦਿੱਤੇ।ਅਧਿਆਪਕ ਵਰਗ ਜੋ ਨਿੱਤ ਆਪਣੇ ਵਿਦਿਆਰਥੀਆਂ,ਇਹਨਾਂ ਪੰਛੀਆਂ,ਵਾਤਾਵਰਨ ਅਤੇ ਪਾਣੀ ਨੂੰ ਬਚਾਉਣ ਲਈ ਵੱਖ-ਵੱਖ ਤਰੀਕੇ ਨਾਲ ਕੋਸ਼ਿਸ਼ਾਂ ਕਰਦਾ ਹੈ,ਇਹਨਾਂ ਘਟਨਾਵਾਂ ਨਾਲ ਬਹੁਤ ਬੈਚੇਨ ਹੋ ਗਿਆ,ਪਰ ਉਹ ਨਿਰਾਸ਼ ਨਹੀਂ ਹੋਇਆ ਸਗੋਂ ਉਸਨੇ ਆਪਣੀਆਂ ਕੋਸ਼ਿਸ਼ਾਂ ਹੋਰ ਵੀ ਤੇਜ਼ ਕਰ ਦਿੱਤੀਆਂ।ਆਪਣੇ ਪਿਆਰੇ ਵਿਦਿਆਰਥੀਆਂ ਦੇ ਹੱਥਾਂ ਵਿਚ ਇਹਨਾਂ ਪੰਛੀਆਂ ਅਤੇ ਵਾਤਾਵਰਨ ਨੂੰ ਸੰਭਾਲਣ ਦੀ ਕਮਾਂਡ ਸੌਂਪੀ ਅਤੇ ਖੁਦ ਇੱਕ ਚੱਟਾਨ ਵਾਂਗ ਉਹਨਾਂ ਦੇ ਨਾਲ ਖਲੋ ਗਿਆ।
ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਮੀਆਂਵਿੰਡ ਦੀ ਸਕੂਲ ਮੁਖੀ ਅਤੇ ਲੇਖਿਕਾ ਮੈਡਮ ਰਣਜੀਤ ਕੌਰ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਇਹਨਾਂ ਪੰਛੀਆਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਅਤੇ ਮੁੜ ਵਸੇਬੇ ਲਈ ਵੇਸਟ ਮਟੀਰੀਅਲ ਤੋਂ ਪੰਛੀਆਂ ਲਈ ਆਲ੍ਹਣੇ ਬਣਾਉਣੇ ਸਿਖਾਏ ਅਤੇ ਇਹਨਾਂ ਆਲ੍ਹਣਿਆਂ ਨੂੰ ਕੁਦਰਤ ਦੀ ਗੋਦ ਵਿਚ ਰੱਖ ਕੇ ਇਹਨਾਂ ਵਿਚ ਪਾਣੀ ਅਤੇ ਭੋਜਨ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਇਹਨਾਂ ਪੰਛੀਆਂ ਨਾਲ ਦੋਸਤੀ ਕਰਨ ਦੀ ਪਿਰਤ ਨੂੰ ਇਕ ਨਵਾਂ ਅੰਜ਼ਾਮ ਦਿੱਤਾ ਹੈ।ਮੈਡਮ ਰਣਜੀਤ ਕੌਰ ਵਲੋਂ ਬੱਚਿਆਂ ਨੂੰ ਘਰਾਂ ਦੀ ਛੱਤ ਜਾਂ ਵਿਹੜੇ ਵਿਚ ਪੰਛੀਆਂ ਲਈ ਪਾਣੀ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜ਼ੋ ਅੱਤ ਦੀ ਪੈ ਰਹੀ ਗਰਮੀ ਦੇ ਪ੍ਰਕੋਪ ਤੋਂ ਪਿਆਰੇ ਪੰਛੀਆਂ ਨੂੰ ਬਚਾਇਆ ਜਾ ਸਕੇ। ਸ਼ਾਲਾ ! ਇਹੇ ਅਧਿਆਪਕਾ ਹੋਰਨਾਂ ਲਈ ਵੀ ਰਾਹ ਦਸੇਰਾ ਬਣੇ।