ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਗੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਪਿੰਡ ਵਡਾਲਾ ਜੌਹਲ ਦੇ ਨੇਤਰਹੀਣ ਪਰਿਵਾਰ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਜਾਂ ਤਾਂ ੳਹਨਾਂ ਦੀਆਂ ਅੱਖਾਂ ਦਾ ਇਲਾਜ਼ ਕਰਵਾਏ ਜਾਂ ਫਿਰ ੳਹਨਾਂ ਨੂੰ ਜ਼ਿੰਦਗੀ ਜਿਉਣ ਲਈ ਕੋਈ ਪੱਕਾ ਪ੍ਰਬੰਧ ਕਰੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਅੰਮ੍ਰਿਤਸਰ, ਬਲਾਕ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਵਡਾਲਾ ਜੌਹਲ ਦੇ ਵਸਨੀਕ ਪ੍ਰੇਮ ਸਿੰਘ ਉਰਫ ਚਮਕੀਲਾ, ਸੁਖਰਾਜ ਸਿੰਘ ਉਰਫ ਸੁੱਖਾ ਤੇ ੳਹਨਾਂ ਦੀ ਭੈਣ ਅਮਰਜੀਤ ਕੌਰ ਜਿੰਨਾਂ ਨੂੰ ਅੱਖਾਂ ਤੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਤਕਰੀਬਨ ਸਾਰੇ ਹੀ ਭੈਣ ਭਰਾ ਆਪਣੀ ਜ਼ਿੰਦਗੀ ਦੇ ਤਕਰੀਬਨ 40 – 45 ਸਾਲ ਹਨੇਰੇ ਵਿੱਚ ਹੀ ਗੁਜ਼ਾਰ ਚੁੱਕੇ ਹਨ । ਪਰ ਇਨੇ ਲੰਬੇ ਅਰਸੇ ਦੌਰਾਨ ਕਿੰਨੀਆਂ ਸਰਕਾਰਾਂ ਆਈਆ ਤੇ ਗਈਆਂ, ਪਰ ਇਸ ਨੇਤਰਹੀਣ ਪਰਿਵਾਰ ਵੱਲ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ । ਹਾਂ ਇਥੇ ਇਹ ਗੱਲ ਵਰਨਣ ਯੋਗ ਹੈ ਕਿ ਹੁਣ ਤੋਂ ਪਹਿਲੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਉਹਨਾਂ ਦੀ ਧਰਮ ਪਤਨੀ ਮੈਡਮ ਅੰਜਲੀ ਸਿੰਘ ਨੇ ਚਾਰ ਕੁ ਸਾਲ ਪਹਿਲਾਂ ਆਪਣੇ ਕੋਲੋਂ ਇਸ ਪਰਿਵਾਰ ਨੂੰ 50, 000 ਰੂਪੇ ਦੀ ਰਾਸ਼ੀ ਦਿੱਤੀ ਸੀ ਪਰ ਉਹ ਨਾਕਾਫੀ ਹੈ ਤੇ ਏਨੀ ਕੁ ਰਕਮ ਨਾਲ ਕਿਸੇ ਵੀ ਘਰ ਦਾ ਗੁਜ਼ਾਰਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇਤਰਹੀਣਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਰਾਧਾਸੁਆਮੀ ਤੇ ਮਾਤਾ ਪ੍ਰੀਤਮ ਕੌਰ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਉਹਨਾਂ ਕੋਲ ਕੋਈ ਵੀ ਅੱਖਾਂ ਵਾਲਾ ਮੈਂਬਰ ਨਹੀਂ ਹੈ ਪਰ ਪਿੰਡ ਦੇ ਕੁਝ ਕੁ ਦਾਨੀ ਸੱਜਣ ਗਾਹੇ ਬਗਾਹੇ ਮਾੜੀ ਮੋਟੀ ਇਮਦਾਦ ਕਰਦੇ ਹਨ । ਇਥੇ ਇਹ ਗੱਲ ਵਰਨਣ ਯੋਗ ਹੈ ਕਿ ਇਸ ਨੇਤਰਹੀਣ ਪਰਿਵਾਰ ਦੇ ਦੋਵੇਂ ਬੇਟੇ ਪ੍ਰੇਮ ਸਿੰਘ ਤੇ ਸੁਖਰਾਜ ਸਿੰਘ ਹਰਮੋਨੀਅਮ ਤੇ ਢੋਲਕੀ ਆਦਿ ਸਾਜ਼ਾਂ ਦੇ ਮਾਹਿਰ ਹਨ ਤੇ ਜਦੋਂ ਪਿੰਡ ਵਿੱਚ ਕੋਈ ਵੀ ਛੋਟਾ ਜਾਂ ਵੱਡਾ ਸਮਾਗਮ ਹੁੰਦਾ ਹੈ ਤਾਂ ਉਸ ਸਮਾਗਮ ਵਿੱਚ ਇਹਨਾਂ ਦੀ ਹਾਜ਼ਰੀ ਅਕਸਰ ਲੱਗ ਹੀ ਜਾਂਦੀ ਹੈ । ਪਿੰਡ ਦੇ ਲੋਕ ਇਹਨਾਂ ਨੂੰ ਦਸ – ਦਸ ਰੂਪੇ ਦੇ ਕੇ ਇਹਨਾਂ ਨੇਤਰਹੀਣਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹਨ ਤੇ ਇਸ ਤਰ੍ਹਾਂਂ ੳਨ੍ਹਾਂ ਦੇ ਘਰ ਦੇ ਚੁੱਲ੍ਹੇ ਦੀ ਮਾੜੀ ਮੋਟੀ ਅੱਗ ਬਲ ਰਹੀ ਹੈ । ਉਹਨਾਂ ਦੇ ਘਰ ਦਾ ਲੂਣ ਤੇਲ ਚੱਲ ਰਿਹਾ ਹੈ ਪਰ ਕਈ ਵਾਰ ਰੋਟੀ ਨਾ ਮਿਲਣ ਦੀ ਸੂਰਤ ਵਿੱਚ ਉਹਨਾਂ ਨੂੰ ਭੁਖਿਆਂ ਸੌਣ ਲਈ ਵੀ ਮਜਬੂਰ ਹੋਣਾ ਪੈਂਦਾ ਹੈ । ਇਸ ਲਈ ਇਸ ਨੇਤਰਹੀਣ ਪਰਿਵਾਰ ਤੇ ਸਾਰੇ ਹੀ ਪਿੰਡ ਵਾਸੀਆਂ ਨੇ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੇਸ਼ ਜਾਂ ਦੁਨੀਆਂ ਦੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਨੂੰ ਥੋੜ੍ਹੇ ਜਿਹੇ ਸਕੂਨ ਨਾਲ ਜੀ ਸਕਣ ।