ਖਡੂਰ ਸਾਹਿਬ/ਤਰਨਤਾਰਨ, 05 ਮਈ (ਰਾਕੇਸ਼ ਨਈਅਰ) : ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਣਕ ਸਮੇਤ ਹੋਰਨਾਂ ਫਸਲਾਂ ਦੇ ਝਾੜ ਲਗਾਤਾਰ ਘੱਟ ਰਹੇ ਹਨ,ਇਸ ਵਾਰ ਕਣਕ ਦਾ ਝਾੜ ਕਾਫੀ ਘੱਟ ਨਿਕਲਿਆ ਹੈ,ਜੋ ਕਿ ਹੁਣ ਚੱਲ ਰਹੇ ਦੋ ਫਸਲੀ ਖੇਤੀ ਮਾਡਲ ਦੇ ਫੇਲ ਹੋਣ ਦੀ ਗਵਾਹੀ ਭਰ ਰਿਹਾ ਹੈ।ਜਿਆਦਾਤਰ ਕਿਸਾਨ ਇਸਨੂੰ ਅਗੇਤੀ ਗਰਮੀ ਪੈਣ,ਘਟੀਆ ਬੀਜ ਮਿਲਣ ਅਤੇ ਘੱਟ ਖਾਦ ਪਾਉਣਾ ਕਾਰਨ ਮੰਨਦੇ ਹਨ ਅਤੇ ਸਰਕਾਰਾਂ ਕੋਲੋਂ ਮੁਆਵਜੇ ਦੀ ਮੰਗ ਕਰ ਰਹੇ ਹਨ,ਪਰ ਅਸਲੀਅਤ ਇਹ ਹੈ ਕਿ ਰਸਾਇਣਿਕ ਖਾਦਾਂ ਤੇ ਦਵਾਈਆਂ ਨਾਲ ਜਿੰਨੀ ਉਪਜ ਹੋ ਸਕਦੀ ਸੀ ਉਹ ਹੋ ਚੁੱਕੀ ਹੈ ਅਤੇ ਇਹ ਹੁਣ ਦਿਨੋਂ ਦਿਨ ਘਟਦੀ ਹੀ ਜਾਵੇਗੀ,ਇਸਦੇ ਪਿੱਛੇ ਕਾਰਨ ਮੁੱਖ ਤੌਰ ਤੇ ਖੇਤਾਂ ਵਿੱਚ ਅੱਗ ਲਾਉਣਾ ਜਿੰਮੇਵਾਰ ਹੈ,ਜਿਸ ਨਾਲ ਕਿਸਾਨਾਂ ਦੇ ਮਿੱਤਰ ਕੀੜੇ ਤੇ ਪੰਛੀ ਸੜ ਕੇ ਮਰ ਜਾਂਦੇ ਹਨ ਜੋ ਫਸਲਾਂ ਦੇ ਦੁਸ਼ਮਣ ਕੀੜਿਆਂ ਨੂੰ ਖਾ ਕੇ ਖ਼ਤਮ ਕਰਦੇ ਹਨ।ਅੱਗ ਲਾਉਣ ਨਾਲ ਮਿੱਟੀ ਤੰਦੂਰੀ ਲਾਲ ਹੋ ਜਾਂਦੀ ਹੈ ਅਤੇ ਲਗਾਤਾਰ ਬੰਜਰ ਹੁੰਦੀ ਜਾਂਦੀ ਹੈ,ਇਸ ਤੋਂ ਇਲਾਵਾ ਕੱਦੂ ਕਰਕੇ ਝੋਨਾ ਲਾਉਣਾ ਵੀ ਪੰਜਾਬ ਦੀ ਖੇਤੀ ਦੀ ਬਰਬਾਦੀ ਲਈ ਮੁੱਖ ਤੌਰ ‘ਤੇ ਜਿੰਮੇਵਾਰ ਹੈ।
ਇਸ ਨਾਲ ਜਿਥੇ ਧਰਤੀ ਹੇਠਲੇ ਪਾਣੀ ਦੀ ਘਾਟ ਹੋ ਚੁੱਕੀ ਹੈ ਅਤੇ ਪੰਜਾਬ ਮਾਰੂਥਲ ਬਣਨ ਵੱਲ ਵੱਧ ਰਿਹਾ ਹੈ ਉਥੇ ਕੱਦੂ ਕਰਨ ਕਰਕੇ ਖੇਤਾਂ ਵਿੱਚ ਵਾਟਰ ਪਰੂਫ ਤਹਿ ਬੱਝ ਚੁੱਕੀ ਹੈ,ਜਿਸ ਕਾਰਨ ਬਰਸਾਤੀ ਪਾਣੀ ਵੀ ਧਰਤੀ ਹੇਠਾਂ ਨਹੀਂ ਜਾਂਦਾ ਅਤੇ ਹੇਠਲਾ ਪਾਣੀ ਰੀਚਾਰਜ ਨਹੀਂ ਹੁੰਦਾ,ਪਰ ਕੁਝ ਲੋਕ ਜੋ ਜਿੱਦ ਫੜੀ ਬੈਠੇ ਹਨ ਕਿ ਜੇ ਅੱਗ ਨਾ ਲਾਈਏ ਜਾਂ ਕੱਦੂ ਕਰਕੇ ਝੋਨਾ ਨਾ ਲਾਈਏ ਤਾਂ ਘਾਟਾ ਪੈਂਦਾ ਹੈ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬੰਜਰ ਜਮੀਨਾਂ ਦੇ ਮਾਲਕ ਬਣ ਕੇ ਸਭ ਤੋਂ ਵੱਡਾ ਘਾਟਾ ਤਾਂ ਪਵੇਗਾ ਹੀ ਸਗੋਂ ਉਹ ਖਤਰਨਾਕ ਬਿਮਾਰੀਆਂ ਸਹੇੜ ਕੇ ਲੱਖਾਂ ਰੁਪਏ ਹਸਪਤਾਲਾਂ ਵਿੱਚ ਖਰਚ ਕੇ ਰੋਜ਼ ਘਾਟਾ ਖਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੁਦਰਤ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਸਿਆਸੀ ਆਗੂ ਅਮਰਪਾਲ ਸਿੰਘ ਖਹਿਰਾ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕੀਤਾ।ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲਾਉਣਾ ਅਤੇ ਕੱਦੂ ਕਰਕੇ ਝੋਨਾ ਲਾਉਣ ਤੇ ਪੂਰਨ ਰੂਪ ਵਿੱਚ ਸਖਤੀ ਨਾਲ ਪਾਬੰਦੀ ਲਾਈ ਜਾਵੇ ਤਾਂ ਕਿ ਬੰਜਰ ਹੋ ਰਹੇ ਪੰਜਾਬ ਨੂੰ ਬਚਾਇਆ ਜਾ ਸਕੇ, ਨਹੀਂ ਤਾਂ ਕੁਝ ਸਮੇਂ ਵਿੱਚ ਹੀ ਪੰਜਾਬ ਖੇਤੀ ਕਰਨ ਲਾਇਕ ਤਾਂ ਇੱਕ ਪਾਸੇ ਰਹਿਣ ਦੇ ਲਾਇਕ ਵੀ ਨਹੀਂ ਰਹੇਗਾ।