ਜੰਡਿਆਲਾ ਗੁਰੂ, 3 ਮਈ (ਕੰਵਲਜੀਤ ਸਿੰਘ ਲਾਡੀ):-ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਇਲਾਕੇ ਵਿੱਚ ਵਧੇਰੇ ਮਜ਼ਬੂਤ ਬਣਾਉਣ ਲਈ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓ ਨੇ ਅੱਜ ਜੰਡਿਆਲਾ ਗੁਰੂ ਵਿਖੇ ਸਥਾਪਿਤ ਕੀਤੇ ਫਾਇਰ ਸਟੇਸ਼ਨ ਨੂੰ ਅੱਗ ਬੁਝਾਉਣ ਵਾਲੇ 2 ਨਵੇਂ ਮਲਟੀਪਰਪਜ਼ ਫਾਇਰ ਟੈਂਡਰ ਸਮਰਪਿਤ ਕੀਤੇ। ਸ੍ਰੀ ਹਰਭਜਨ ਸਿੰਘ ਨੇ ਕਿਹਾ ਕਿ ਇਹ ਅੱਗ ਬੁਝਾਊ ਗੱਡੀਆਂ ਅੱਗ ਲੱਗਣ ਦੀਆਂ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਨਵੇਂ ਮਲਟੀਪਰਪਜ਼ ਅਤੇ ਮਿੰਨੀ ਫਾਇਰ ਟੈਂਡਰਾਂ ਨਾਲ ਉਦਯੋਗਿਕ ਇਕਾਈਆਂ ਤੋਂ ਇਲਾਵਾ ਵਾਢੀ ਦੇ ਸੀਜ਼ਨ ਦੌਰਾਨ ਖੜ੍ਹੀਆਂ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਇਹ ਗੱਡੀਆਂ ਈ ਓ ਜੰਡਿਆਲਾ ਗੁਰੂ ਦੇ ਨਾਮ ਉਤੇ ਰਜਿਸਟਰਡ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਇਹ ਫਾਇਰ ਟੈਂਡਰ 13 ਜ਼ਿਲ੍ਹਿਆਂ ਵਿੱਚ ਨਵੇਂ ਸਥਾਪਤ ਕੀਤੇ ਗਏ 20 ਫਾਇਰ ਸਟੇਸ਼ਨਾਂ ਲਈ ਭੇਜੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ।