ताज़ा खबरपंजाब

ਡਬਲ ਇੰਜਣ ਵਾਲੀ ਯੂਪੀ ਸਰਕਾਰ ਲਖੀਮਪੁਰ ਕਾਂਡ ਦੇ ਗਵਾਹਾਂ ਨੂੰ ਨਿਆਂ ਤੇ ਪੂਰੀ ਸੁਰੱਖਿਆ ਦੇਵੇ : ਬੀਬੀ ਰਾਜਵਿੰਦਰ ਕੌਰ ਰਾਜੂ

ਜਲੰਧਰ, 18 ਅਪ੍ਰੈਲ (ਕਬੀਰ ਸੌਂਧੀ) : ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਲਖੀਮਪੁਰ ਖੀਰੀ (ਯੂਪੀ) ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਕੇ ਜੇਲ੍ਹ ਭੇਜਣ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਹੈ ਦੇਸ਼ ਦੀ ਹਾਕਮ ਜਮਾਤ ਵੱਲੋਂ ਆਪਣੇ ਚਹੇਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਤੇ ਉਸ ਦੇ ਕਾਤਲ ਪੁੱਤਰ ਨੂੰ ਜ਼ਮਾਨਤ ਰਾਹੀਂ ਬਚਾਉਣ ਲਈ ਕੀਤੀ ਕਥਿਤ ਚਾਰਾਜੋਈ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਤਾਰ-ਤਾਰ ਹੋ ਗਈ ਜਿਸ ਕਰਕੇ ਹੁਣ ਪੀੜਤ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਆਸ ਬੱਝੀ ਹੈ।

ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਯੂਪੀ ਦੀ “ਡਬਲ ਇੰਜਣ” ਵਾਲੀ ਯੋਗੀ ਸਰਕਾਰ ਨੇ ਦੋ ਮਹੀਨੇ ਪਹਿਲਾਂ ਅਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਵੱਲੋਂ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ‘ਤੇ ਸੁਣਵਾਈ ਮੌਕੇ ਜਾਣਬੁੱਝ ਕੇ ਸਹੀ ਢੰਗ ਨਾਲ ਪੈਰਵੀ ਨਹੀਂ ਸੀ ਕੀਤੀ ਜਿਸ ਕਰਕੇ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦ ਅਤੇ ਜ਼ਖ਼ਮੀ ਹੋਏ ਕਿਸਾਨਾਂ ਨੂੰ ਇਨਸਾਫ਼ ਨਹੀਂ ਸੀ ਮਿਲ ਸਕਿਆ ਸਗੋਂ ਅਦਾਲਤੀ ਹੁਕਮਾਂ ਉੱਤੇ ਮਿਲੀ ਸੁਰੱਖਿਆ ਦੇ ਬਾਵਜੂਦ ਇਸ ਕੇਸ ਦੇ ਗਵਾਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਚਸ਼ਮਦੀਦ ਗਵਾਹ ਹਰਦੀਪ ਸਿੰਘ ਉੱਪਰ ਕਥਿਤ ਭਾਜਪਾ ਆਗੂਆਂ ਦੀ ਸ਼ਹਿ ‘ਤੇ ਜਾਨਲੇਵਾ ਹਮਲਾ ਵੀ ਹੋ ਚੁੱਕਾ ਹੈ।

ਮਹਿਲਾ ਕਿਸਾਨ ਨੇਤਾ ਨੇ ਭਗਵਾਂ ਚੋਲਾਧਾਰਕ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੋਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਦੀ ਰੋਸ਼ਨੀ ਵਿੱਚ ਅਸ਼ੀਸ਼ ਮਿਸ਼ਰਾ ਵੱਲੋਂ ਜ਼ਾਲਮਾਨਾਂ ਢੰਗ ਨਾਲ ਆਪਣੀ ਗੱਡੀ ਹੇਠਾਂ ਦਰੜ ਕੇ ਸ਼ਹੀਦ ਕੀਤੇ ਅਤੇ ਜ਼ਖ਼ਮੀ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਇਸ ਘਿਨੌਣੇ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਹ ਖੁਦ ਦਖ਼ਲ ਦੇਣ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਇਸ ਵਹਿਸ਼ੀਆਨਾ ਕਤਲ ਕਾਂਡ ਦੇ ਸਾਜਿਸ਼ਕਰਤਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ (ਪਿਤਾ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ) ਨੂੰ ਕੇਂਦਰੀ ਕੈਬਿਨਟ ਵਿਚੋਂ ਤੁਰੰਤ ਬਾਹਰ ਕੀਤਾ ਜਾਵੇ।

ਬੀਬੀ ਰਾਜੂ ਨੇ ਸੰਯੁਕਤ ਕਿਸਾਨ ਮੋਰਚੇ ਅਤੇ ਉਸ ਨਾਲ ਜੁੜੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਲਖੀਮਪੁਰ ਕਾਂਡ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਅਤੇ ਗਵਾਹਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਨ ਲਈ ਕਿਸਾਨਾਂ ਦਾ ਉਚ ਪੱਧਰੀ ਵਫ਼ਦ ਲਖੀਮਪੁਰ ਭੇਜਿਆ ਜਾਵੇ। ਇਸ ਸਬੰਧੀ ਯੂਪੀ ਦੇ ਮੁੱਖ ਮੰਤਰੀ ਨੂੰ ਵੀ ਮਿਲਿਆ ਜਾਵੇ ਤੇ ਜੇਕਰ ਲੋੜ ਪਵੇ ਤਾਂ ਨਿਆਂ ਲੈਣ ਲਈ ਉਥੇ ਧਰਨਾ ਵੀ ਦਿੱਤਾ ਜਾਵੇ।

Related Articles

Leave a Reply

Your email address will not be published.

Back to top button