ਜੰਡਿਆਲਾ ਗੁਰੂ, 14 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅੱਜ ਬਚਪਨ ਪਲੈਅ ਪੈਨ ਸਕੂਲ ਜੰਡਿਆਲਾ ਗੁਰੂ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਪ੍ਰਿੰਸੀਪਲ ਰਛਮੀ ਛਾਬੜਾ ਦੀ ਅਗਵਾਈ ਹੇਠ ਮਨਾਇਆ ਗਿਆ। ਬਚਪਨ ਪਲੈਅ ਪੈਨ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਸੁੰਦਰ ਪੁਸ਼ਾਕਾਂ ਵਿਚ ਸੱਜ ਕੇ ਸਭ ਦਾ ਮਨ ਮੋਹ ਲਿਆ। ਸਕੂਲ ਦੀਆਂ ਵਿਦਿਆਰਥਣਾਂ ਪੰਜਾਬੀ ਸੂਟ ਪਹਿਨੇ ਹੋਏ ਸਨ ਅਤੇ ਵਿਦਿਆਰਥੀ ਵੀ ਪੰਜਾਬੀ ਕੁੜਤੇ ਪਜਾਮੇ ਵਿੱਚ ਖੂਬ ਸੁੰਦਰ ਲੱਗ ਰਹੇ ਸਨ। ਸਕੂਲ ਵਿੱਚ ਵਿਸਾਖੀ ਦੇ ਤਿਉਹਾਰ ਦੀ ਖੂਬ ਰੌਣਕ ਦੇਖਣ ਨੂੰ ਮਿਲੀ। ਸਮਾਰੋਹ ਦਾ ਸ਼ੁਭ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ।ਇਸ ਖਾਸ ਮੋਕੇ ਤੇ ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਡਾਂਸ ਦੀਆਂ ਪੇਸ਼ਕਾਰੀਆਂ ਦਿਖਾਈਆ।
ਪੰਜਾਬੀ ਲੋਕ ਗੀਤਾਂ ਦੇ ਗਾਇਨ ਨੇ ਸਭ ਦਾ ਮਨ ਮੋਹ ਲਿਆ। ਇਸ ਸਮਾਰੋਹ ਵਿਚ ਬੱਚਿਆਂ ਦੇ ਮਾਪਿਆਂ ਨੇ ਵੀ ਪੂਰਨ ਸਹਿਯੋਗ ਦਿੱਤਾ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਛਮੀ ਛਾਬੜਾ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੇ ਮਹੱਤਵ ਬਾਰੇ ਦੱਸਦੇ ਹੋਇਆ ਕਿਹਾ ਕਿ ਵਿਸਾਖੀ ਦਾ ਤਿਉਹਾਰ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਸ ਤਿਉਹਾਰ ਦੇ ਬਾਅਦ ਹੀ ਕਣਕ ਦੀ ਫ਼ਸਲ ਦੀ ਕਟਾਈ ਸ਼ੁਰੂ ਹੁੰਦੀ ਹੈ। ਕਿਸਾਨ ਸਾਡੇ ਅੰਨਦਾਤਾ ਹਨ ।ਨਾਲ ਹੀ ਵਿਸਾਖੀ ਦੇ ਤਿਉਹਾਰ ਦੇ ਦਿਨ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਪ੍ਰਿੰਸੀਪਲ ਰਛਮੀ ਛਾਬੜਾ ਵੱਲੋਂ ਬੱਚਿਆਂ ਦੇ ਇਸ ਸਮਾਰੋਹ ਵਿੱਚ ਦਰਸਾਈ ਗਈ ਪ੍ਰਤਿਭਾ ਨੂੰ ਦੇਖਦੇ ਹੋਏ, ਉਸ ਦੀ ਸ਼ਲਾਘਾ ਕੀਤੀ ਅਤੇ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।