ਚੋਹਲਾ ਸਾਹਿਬ/ਤਰਨਤਾਰਨ,11 ਅਪ੍ਰੈਲ (ਰਾਕੇਸ਼ ਨਈਅਰ) : ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਜ਼ਿਲਿਆਂ ਅਤੇ ਆਪਣੇ ਘਰਾਂ ਤੋਂ ਕਈ ਸੌ ਕਿਲੋਮੀਟਰ ਦੂਰ ਨਿਯੁਕਤ ਅਧਿਆਪਕਾਂ ਨੂੰ ਸੋਮਵਾਰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਉਹਨਾਂ ਨੂੰ ਸਿੱਖਿਆ ਵਿਭਾਗ ਨੇ ਰਾਹਤ ਦਿੰਦਿਆਂ ਉਹਨਾਂ ਦੇ ਘਰਾਂ ਦੇ ਨੇੜਲੇ ਸਟੇਸ਼ਨ ਤੇ ਬਦਲੀ ਕਰ ਦਿੱਤੀ।ਅੱਜ ਇਹਨਾਂ ਅਧਿਆਪਕ ਸਹਿਬਾਨ ਦੇ ਚਿਹਰੇ ਤੇ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲੀ । ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਐਲੀ.ਸ.ਜਗਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਅਧਿਆਪਕ ਆਪਣੇ ਘਰਾਂ ਤੋਂ ਬਹੁਤ ਦੂਰ ਨੌਕਰੀਆਂ ਕਰ ਰਹੇ ਹਨ ਅਤੇ ਇਹਨਾਂ ਨੂੰ ਇਹਨਾਂ ਦੇ ਜ਼ਿਲ੍ਹੇ ਦੇ ਮਨਪਸੰਦ ਦੇ ਸਟੇਸ਼ਨ ਤੇ ਹਾਜ਼ਰ ਹੋਣ ਲਈ ਅੱਜ ਸੋਮਵਾਰ ਨੂੰ ਜ਼ਿਲ੍ਹੇ ਤੋਂ ਰਿਲੀਵ ਕਰ ਦਿੱਤਾ ਗਿਆ ਹੈ।
ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹਨਾਂ ਅਧਿਗਆਪਕਾਂ ਦੀ ਭਾਵੇਂ ਕਿ ਪਹਿਲਾਂ ਬਦਲੀ ਹੋ ਚੁੱਕੀ ਸੀ ਪਰੰਤੂ ਇਹ ਡੈਪੂਟੇਸ਼ਨ ਤੇ ਆਪਣੇ ਨਿਯੁਕਤੀ ਵਾਲੇ ਸਕੂਲਾਂ ਵਿਚ ਡਿਊਟੀ ਕਰ ਰਹੇ ਸਨ।ਉਹਨਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਿਦਾਇਤਾਂ ਅਤੇ ਸ਼ਰਤਾਂ ਦੇ ਅਧਾਰ ‘ਤੇ ਅੱਜ ਰਿਲੀਵ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਜੋ ਅਧਿਆਪਕ ਅਜੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹਨਾਂ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਹੈ ਅਤੇ ਜਿਵੇਂ ਹੀ ਉਹ ਅਧਿਆਪਕ ਸ਼ਰਤਾਂ ਪੂਰੀਆਂ ਕਰਨਗੇ ਉਹਨਾਂ ਨੂੰ ਵੀ ਰੀਲੀਵ ਕਰ ਦਿੱਤਾ ਜਾਵੇਗਾ।ਇਹਨਾਂ ਬਦਲੀਆਂ ਨਾਲ ਅਧਿਆਪਕ ਵਰਗ ਵਿੱਚ ਖੁਸ਼ੀ ਦੀ ਲਹਿਰ ਹੈ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ.ਜਸਵਿੰਦਰ ਸਿੰਘ ਸੰਧੂ ਨੇ ਰਿਲ਼ੀਵ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੇ ਨਵੇਂ ਸਕੂਲ ਵਿੱਚ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।