ਚੋਹਲਾ ਸਾਹਿਬ/ਤਰਨਤਾਰਨ,11 ਮਾਰਚ (ਰਾਕੇਸ਼ ਨਈਅਰ) : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਲਕਾ ਖਡੂਰ ਸਾਹਿਬ ਤੋਂ ਹੋਈ ਵੱਡੀ ਜਿੱਤ ਨਾਲ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ।ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਕਸਬਾ ਚੋਹਲਾ ਸਾਹਿਬ ਦੇ ਸਾਰੇ ਬਜ਼ਾਰਾਂ ਵਿੱਚ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਸ਼ੁੱਕਰਵਾਰ ਨੂੰ ਚੋਹਲਾ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਇਤਿਹਾਸਿਕ ਗੁਰਦਵਾਰਾ ਪਾਤਸ਼ਾਹੀ ਪੰਜਵੀ ਵਿਖੇ ਨਤਮਸਤਕ ਹੋਈ ਅਤੇ ਪਾਰਟੀ ਦੀ ਵੱਡੀ ਜਿੱਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਵਰਕਰਾਂ ਦੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਪਾਰਟੀ ਦੇ ਸੀਨੀਅਰ ਆਗੂ ਕੇਵਲ ਕ੍ਰਿਸ਼ਨ ਨਈਅਰ ਅਤੇ ਦਇਆ ਸਿੰਘ ਮੈਂਬਰ ਪੰਚਾਇਤ ਚੋਹਲਾ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੁਆਰਾ ਕੀਤੇ ਭ੍ਰਿਸ਼ਟਾਚਾਰ ਤੋਂ ਦੁਖੀ ਅਤੇ ਅੱਕੇ ਪਏ ਸਨ ਅਤੇ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਸੀ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਪੰਜਾਬ ਅੰਦਰ ਆਮ ਲੋਕਾਂ ਦੀ ਸਰਕਾਰ ਨੂੰ ਚੁਣਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ,ਆਸਾਂ ‘ਤੇ ਪੂਰਾ ਖਰਾ ਉਤਰੇਗੀ।
ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਦੀ ਜਿੱਤ ਮਨਜਿੰਦਰ ਸਿੰਘ ਲਾਲਪੁਰਾ ਦੀ ਨਹੀਂ,ਬਲਕਿ ਹਰ ਇੱਕ ਵਰਕਰ ਦੀ ਜਿੱਤ ਹੈ। ਜਿੰਨਾ ਨੇ ਦਿਨ ਰਾਤ ਇੱਕ ਕਰਕੇ ਘਰ-ਘਰ ਜਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਕੇਜਰੀਵਾਲ, ਭਗਵੰਤ ਮਾਨ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਲਾਲਪੁਰਾ ਵਿਧਾਨ ਸਭਾ ਵਿੱਚ ਵੋਟਰਾਂ ਦੀ ਆਵਾਜ਼ ਬਣ ਕੇ ਜ਼ਰੂਰ ਗੂੰਜੇਗਾ ਅਤੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਦੇ ਜੋ ਕੰਮ ਅਧੂਰੇ ਪਏ ਹਨ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਕੁਲਬੀਰ ਸਿੰਘ,ਗੁਰਪ੍ਰੀਤ ਸਿੰਘ ਗੋਪੀ,ਕਾਕੇ ਸ਼ਾਹ ਫਾਇਨਾਂਸਰ,ਸੁਖਬੀਰ ਸਿੰਘ ਪੰਨੂ,ਕਰਤਾਰ ਸਿੰਘ,ਲਵ,ਅਮਨ ਨਈਅਰ,ਗੁਰਜੀਤ ਸਿੰਘ ਧਾਮੀ, ਮੁਹੱਬਤ ਪਾਲ ਸਿੰਘ,ਰਣਜੀਤ ਸਿੰਘ, ਰੇਸ਼ਮ,ਬਿੱਕਰ ਸਿੰਘ,ਗੁਰਲਾਲ ਸਿੰਘ,ਅਮੋਲਕ ਸਿੰਘ,ਪਲਵਿੰਦਰ ਸਿੰਘ, ਸੁਖਦੇਵ ਸਿੰਘ,ਗੁਰਵਿੰਦਰ ਸਿੰਘ,ਸੁਖਵਿੰਦਰ ਸਿੰਘ,ਗੁਰਕੀਰਤ ਸਿੰਘ,ਅੰਗਰੇਜ਼ ਸਿੰਘ ਆਦਿ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।