ਚਹਲਾ ਸਾਹਿਬ/ਤਰਨ ਤਾਰਨ, 8 ਮਾਰਚ (ਰਾਕੇਸ਼ ਨਈਅਰ) : ਸਦੀਆਂ ਤੋਂ ਹੀ ਔਰਤ ਨੇ ਇਸ ਸਮਾਜ ਨੂੰ ਆਪਣੀ ਦੂਰਅੰਦੇਸ਼ੀ, ਸਿਆਣਪ, ਮਮਤਾ, ਪਿਆਰ ਅਤੇ ਕੁਰਬਾਨੀ ਸਦਕਾ ਇੱਕ ਵੱਖਰੀ ਦਿਸ਼ਾ ਪ੍ਰਦਾਨ ਕੀਤੀ ਹੈ।ਬੇਸ਼ਕ ਪੁਰਾਣੇ ਸਮੇਂ ਵਿੱਚ ਰੂੜੀਵਾਦੀ ਸੋਚ ਸਦਕਾ ਔਰਤ ਨੂੰ ਆਪਣੀ ਪਵਿੱਤਰਤਾ ਦਾ ਸਬੂਤ ਦੇਣ ਲਈ ਅੱਗ ਵਿਚੋਂ ਵੀ ਲੰਘਣਾ ਪਿਆ।ਸਤੀ ਪ੍ਰਥਾ ਵਰਗੀਆਂ ਬੁਰਾਈਆਂ ਇਸ ਸਮਾਜ ਦਾ ਹਿੱਸਾ ਰਹੀਆਂ।ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਸਤਿਕਾਰ ਨੂੰ ਆਪਣੀ ਬਾਣੀ ਨਾਲ ਬਹਾਲ ਕੀਤਾ।ਅੱਜ ਵਿਸ਼ਵ ਭਰ ਵਿੱਚ ਔਰਤ ਦਿਵਸ ਬੜੀ ਹੀ ਸਾਦਗੀ ਨਾਲ ਮਨਾਇਆ ਗਿਆ।ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਹੀ ਸਰਕਾਰੀ ਸਕੂਲਾਂ ਵਿੱਚ ਔਰਤ ਦਿਵਸ ‘ਤੇ ਵਿਸ਼ੇਸ਼ ਸਮਾਰੋਹ ਹੋਏ ਅਤੇ ਔਰਤ ਦੀ ਮਹਾਨਤਾ ਨੂੰ ਦਰਸਾਉਂਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਲੈਕਚਰ ਦਿੱਤੇ ਗਏ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਠ ਵਿੱਚ ਵਿਦਿਆਰਥੀਆਂ ਦੇ ਔਰਤ ਦਿਵਸ ਨਾਲ ਸਬੰਧਿਤ ਲੇਖ ਮੁਕਾਬਲੇ ਕਰਵਾਏ ਗਏ।ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿੱਚ ਵੀ ਇਸ ਦਿਵਸ ਨਾਲ ਸਬੰਧਿਤ ਮੁਕਾਬਲੇ ਕਰਵਾਏ ਗਏ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਢਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬੁੱਢਾ,ਸਰਕਾਰੀ ਹਾਈ ਸਕੂਲ ਬੋਪਾਰਾਏ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਧਰਮ ਚੰਦ ਕਲਾਂ ,ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ,ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਲੇਰ ਖੁਰਦ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਤੋਂ ਇਲਾਵਾ ਜ਼ਿਲ੍ਹੇ ਦੇ ਹਰੇਕ ਸਕੂਲ ਨੇ ਆਪਣੇ-ਆਪਣੇ ਤਰੀਕੇ ਨਾਲ ਔਰਤਾਂ ਦੇ ਇਸ ਮਹਾਨ ਦਿਵਸ ਨੂੰ ਯਾਦਗਾਰ ਦਿਵਸ ਬਣਾਇਆ।ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ.ਗੁਰਬਚਨ ਸਿੰਘ ਨੇ ਵੱਖ-ਵੱਖ ਸਕੂਲਾਂ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਔਰਤ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਔਰਤ ਦੇ ਵੱਖ ਵੱਖ ਰਿਸ਼ਤਿਆਂ ਪ੍ਰਤੀ ਸਤਿਕਾਰਤ ਹੋਣ ਲਈ ਪ੍ਰੇਰਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਹਰਭਗਵੰਤ ਸਿੰਘ ਨੇ ਕਿਹਾ ਕਿ ਔਰਤ ਨੇ ਹਮੇਸ਼ਾਂ ਹੀ ਹਰੇਕ ਰੂਪ ਵਿਚ ਆਪਣੀ ਮਹਾਨਤਾ ਨੂੰ ਦਰਸਾਇਆ ਹੈ।ਉਹਨਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਮਾਂ ਦੇ ਰੂਪ ਵਿਚ ਔਰਤ ਦੀ ਮਹਾਨਤਾ ਦਾ ਇਸ ਸੰਸਾਰ ਵਿੱਚ ਕੋਈ ਵੀ ਮੁਕਾਬਲਾ ਨਹੀਂ ਹੈ । ਸ.ਹਰਭਗਵੰਤ ਸਿੰਘ ਨੇ ਕਿਹਾ ਕਿ ਵੈਸੇ ਤਾਂ ਔਰਤ ਦਾ ਹਰੇਕ ਦਿਨ ਹੀ ਔਰਤ ਦਿਵਸ ਹੈ ਪਰੰਤੂ ਅੱਜ ਦਾ ਇਹ ਖ਼ਾਸ ਦਿਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਔਰਤ ਪੂਰਾ ਸਾਲ ਬਿਨਾ ਕਿਸੇ ਤਨਖ਼ਾਹ ਦੇ,ਬਿਨਾ ਕਿਸੇ ਲਾਲਚ ਦੇ ਅਤੇ ਬਿਨਾ ਕਿਸੇ ਉਮੀਦ ਦੇ ਸਾਡੇ ਲਈ ਕਿੰਨੀ ਕੁਰਬਾਨੀ ਕਰਦੀ ਹੈ।ਉਹਨਾਂ ਦੁਨੀਆਂ ਦੀ ਸਭ ਤੋਂ ਮਹਾਨ ਸ਼ਖ਼ਸੀਅਤ ਔਰਤ ਦਾ ਸਤਿਕਾਰ ਕਰਨ ਲਈ ਸਭਨਾਂ ਨੂੰ ਪ੍ਰੇਰਿਤ ਕੀਤਾ।