ਚੋਹਲਾ ਸਾਹਿਬ/ਤਰਨਤਾਰਨ, 5 ਮਾਰਚ (ਰਾਕੇਸ਼ ਨਈਅਰ) : ਪ੍ਰੈੱਸ ਕਲੱਬ ਤਰਨਤਾਰਨ ਦੇ ਪ੍ਰਧਾਨ ਧਰਮਬੀਰ ਸਿੰਘ ਮਲਹਾਰ ਨੂੰ ਵੀਰਵਾਰ ਦੀ ਰਾਤ 9 ਵਜੇ ਅਣਪਛਾਤੇ ਵਿਅਕਤੀ ਵੱਲੋਂ ਮੋਬਾਈਲ ਨੰਬਰ-70876-49000 ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ ਗਈਆ।ਧਮਕੀਆਂ ਦੇਣ ਵਾਲੇ ਸ਼ਖਸ ਨੇ 2 ਹੋਰ ਲੋਕਾਂ ਨੂੰ ਵੀ ਕਾਨਫਰੰਸ ਕਾਲ ‘ਤੇ ਅਟੈੱਚ ਕੀਤਾ ਹੋਇਆ ਸੀ। ਇਹ ਵਿਅਕਤੀ ਪੱਤਰਕਾਰ ਮਲਹਾਰ ਨੂੰ ਤੁਰੰਤ ਘਰੋਂ ਬਾਹਰ ਨਿਕਲਣ ਦੀ ਚਿਤਾਵਨੀ ਦਿੰਦੇ ਰਹੇ।ਮੌਕੇ ’ਤੇ ਥਾਣਾ ਸਿਟੀ ਤਰਨਤਾਨ ਦੇ ਐੱਸ.ਐਚ.ਓ. ਇੰਸਪੈਕਟਰ ਉਪਕਾਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਬੱਸ ਅੱਡੇ ਦੇ ਨਜ਼ਦੀਕ ਕਾਨਫਰੰਸ ਕਾਲ ਨਾਲ ਜੁੜੇ ਗੁਰਕੀਰਤ ਸਿੰਘ ਪੁੱਤਰ ਅੰਗਰੇਜ਼ ਸਿੰਘ,ਵਾਸੀ ਪਿੰਡ ਮੱਲੀਆ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਜਿਸ ਦੌਰਾਨ ਸਾਈਬਰ ਕਰਾਈਮ ਸੈੱਲ ਦੀ ਟੀਮ ਨੇ ਜਾਂਚ ਕਰਦਿਆਂ ਮੁੱਢਲੀ ਜਾਂਚ ਵਿੱਚ ਦੱਸਿਆ ਕਿ ਉਕਤ ਕਾਲ ਜੰਮੂ-ਕਸ਼ਮੀਰ ਨਾਲ ਸੰਬੰਧਿਤ ਹੈ। ਹਾਲਾਂਕਿ ਕਾਲ ਕਰਨ ਵਾਲੇ (ਧਮਕੀਆਂ ਦੇਣ ਵਾਲੇ) ਵਿਅਕਤੀ ਦੀ ਹਾਲੇ ਤੱਕ ਪਹਿਚਾਣ ਗੁਪਤ ਰੱਖੀ ਜਾ ਰਹੀ ਹੈ।
ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਤਰਨਤਾਰਨ ਦੇ ਸ਼ੈੱਲਰ ਮਾਲਿਕ ਨਵੀਨ ਗੁਪਤਾ ਤੇ ਉਨ੍ਹਾਂ ਦੇ ਭਰਾ ਅਵਿਨਾਸ਼ ਗੁਪਤਾ ਨੂੰ ਪਰਿਵਾਰ ਸਮੇਤ ਮਾਰ ਦੇਣ ਦੀਆਂ ਧਮਕੀਆਂ ਦੇ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।ਪੱਤਰਕਾਰ ਧਰਮਬੀਰ ਸਿੰਘ ਮਲਹਾਰ ਨੇ ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ।ਐੱਸ.ਐੱਸ.ਪੀ. ਨੇ ਸਬ ਡਵੀਜ਼ਨ ਤਰਨਤਾਰਨ ਦੇ ਡੀ.ਐੱਸ.ਪੀ.ਬਰਜਿੰਦਰ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪਦਿਆਂ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਡੀ.ਐੱਸ.ਪੀ.ਬਰਜਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।ਉਧਰ, ਸ਼ਿਵ ਸੈਨਾ ਕੇਸਰੀ ਦੇ ਪੰਜਾਬ ਵਾਈਸ ਪ੍ਰਧਾਨ ਅਭਿਸ਼ੇਕ ਜੋਸ਼ੀ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਹੰਸ, ਜਨਰਲ ਸਕੱਤਰ ਅਮਰਜੀਤ ਸ਼ਰਮਾ ਝਬਾਲ,ਜੱਟ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਮੇਹਰ ਸਿੰਘ ਚੁਤਾਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੁਬੇਗ ਸਿੰਘ ਧੁੰਨ,ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਜ਼ਿਲ੍ਹਾਾ ਪ੍ਰਧਾਨ ਸ਼ਕਤੀ ਸ਼ਰਮਾ,ਐਂਟੀ ਕਰੱਪਸ਼ਨ ਸੁਸਾਇਟੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਮੰਗ ਕੀਤੀ ਹੈ ਕਿ ਪੱਤਰਕਾਰ ਧਰਮਬੀਰ ਸਿੰਘ ਮਲਹਾਰ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਮਾਮਲੇ ਦੀ ਜਾਂਚ ਛੇਤੀ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।