ਜਲੰਧਰ 16 ਫਰਵਰੀ (ਧਰਮਿੰਦਰ ਸੌਂਧੀ) : ਜਲੰਧਰ ਕੈਂਟ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਜਗਬੀਰ ਸਿੰਘ ਬਰਾੜ ਨੇ ਕਾਰਪੋਰੇਸ਼ਨ ਵਿੱਚ ਸ਼ਾਮਿਲ ਕੀਤੇ ਗਏ 11 ਪਿੰਡਾਂ ਦੇ ਲੋਕਾਂ ਨੂੰ ਨੋਟਿਸ ਭੇਜਣ ਖ਼ਿਲਾਫ਼ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ। ਬਰਾੜ ਨੇ ਕਿਹਾ ਕਿ ਕਾਰਪੋਰੇਸ਼ਨ ‘ਚ ਸ਼ਾਮਿਲ ਕੀਤੇ ਗਿਆਰਾਂ ਪਿੰਡਾਂ ਨੂੰ ਹੁਣ ਤੱਕ ਕੋਈ ਵੀ ਸੁਵਿਧਾ ਨਹੀਂ ਮਿਲੀ ਹੈ ਤੇ ਲੋਕਾਂ ਨੂੰ ਪ੍ਰਾਪਰਟੀ ਟੈਕਸ ਦੇ ਨੋਟਿਸ ਮਿਲਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਅੱਜ ਤਕ ਨਾ ਤਾਂ ਕੋਈ ਕੌਂਸਲਰ ਹੈ ਨਾ ਕੋਈ ਪੰਚ ਸਰਪੰਚ ਹੈ ਤੇ ਨਾ ਹੀ ਕਾਰਪੋਰੇਸ਼ਨ ਵੱਲੋਂ ਇਨ੍ਹਾਂ ਪਿੰਡਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਜਦ ਦੇ ਇਹ ਪਿੰਡ ਕਾਰਪੋਰੇਸ਼ਨ ਵਿੱਚ ਸ਼ਾਮਿਲ ਕੀਤੇ ਗਏ ਹਨ ਇਹ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ।
ਬਰਾੜ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕ ਪਹਿਲਾਂ ਵੀ ਕਈ ਵਾਰ ਮੁਜ਼ਾਹਰੇ ਕਰ ਚੁੱਕੇ ਹਨ ਪਰ ਇਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਉਨ੍ਹਾਂ ਕਿਹਾ ਕਿ ਇਹ ਲੋਕ ਮੌਜੂਦਾ ਹਲਕੇ ਦੇ ਵਿਧਾਇਕ ਕੋਲ ਵੀ ਆਪਣੀ ਸਮੱਸਿਆ ਲੈ ਕੇ ਗਏ ਸਨ ਪਰ ਇਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਹੁਣ ਕਾਰਪੋਰੇਸ਼ਨ ਵੱਲੋਂ ਇਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ ਤੇ ਜਿਸ ਦੇ ਹੱਲ ਲਈ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਮਿਲਣ ਆਏ ਸਨ ਕਿ ਇਨ੍ਹਾਂ ਦੀ ਸਮੱਸਿਆ ਦਾ ਜਲਦ ਨਿਪਟਾਰਾ ਕੀਤਾ ਜਾਵੇ। ਬਰਾੜ ਨੇ ਕਿਹਾ ਕਿ ਜੇਕਰ ਕਾਰਪੋਰੇਸ਼ਨ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਤੋਂ ਟੈਕਸ ਲੈਣੇ ਹਨ ਤਾਂ ਉਨ੍ਹਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਦੇਣ। ਸੜਕਾਂ ਪੱਕੀਆਂ ਕਰਨ, ਸੀਵਰੇਜ ਅਤੇ ਪਾਣੀ ਦੀ ਸੁਵਿਧਾ ਇਨ੍ਹਾਂ ਪਿੰਡਾਂ ਨੂੰ ਪੂਰੀ ਮਿਲੇ ਤੇ ਲੋਕਾਂ ਦੇ ਮਸਲਿਆਂ ਦੀ ਵੀ ਸੁਣਵਾਈ ਕੀਤੀ ਜਾਵੇ।