ਚੋਹਲਾ ਸਾਹਿਬ/ਤਰਨਤਾਰਨ,15 ਦਸੰਬਰ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਲਈ ਸ਼ੁੱਕਰਵਾਰ ਨੂੰ ਇਹ ਪਲ ਬੜੇ ਹੀ ਯਾਦਗਾਰ ਹੋ ਨਿਬੜੇ,ਜਦੋਂ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ ਵੱਲੋਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ 29ਵੀਂ ਚਿਲਡਰਨ ਸਾਇੰਸ ਕਾਂਗਰਸ-2021 ਦੇ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਘੋਸਿਤ ਹੋਏ।ਸਾਇੰਸ ਸਿਟੀ ਵਿਖੇ ਦੋ ਦਿਨਾਂ ਵਿੱਚ ਪੰਜਾਬ ਦੇ ਸਾਰੇ ਜਿਲਿਆ ਚੋਂ ਆਈਆਂ ਟੀਮਾਂ ਦੇ ਹੋਏ ਸਖ਼ਤ ਮੁਕਾਬਲਿਆਂ ਵਿੱਚੋਂ ਨੈਸ਼ਨਲ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਲਈ ਚੋਣ ਕੀਤੀ ਗਈ ਜਿਸਦੀ ਘੋਸ਼ਣਾ ਅੱਜ ਸਾਇੰਸ ਸਿਟੀ ਵਿਖੇ ਕੀਤੀ ਗਈ।ਇਹਨਾ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ (ਕੰਨਿਆ) ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਤੇ ਗੁਰਪ੍ਰੀਤ ਕੌਰ ਨੇ ਆਪਣੀ ਗਾਈਡ ਅਧਿਆਪਕ ਲੈਕਚਰਾਰ ਨਵਪ੍ਰੀਤ ਕੌਰ ਦੀ ਅਗਵਾਈ ਹੇਠ ਜਿੱਤ ਪ੍ਰਾਪਤ ਕਰਕੇ ਨੈਸ਼ਨਲ ਲੈਵਲ ‘ਤੇ ਹੋਣ ਵਾਲੇ ਮੁਕਾਬਲਿਆਂ ਲਈ ਆਪਣੀ ਜਗ੍ਹਾ ਬਣਾ ਲਈ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਹਰਭਗਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਪੂਰੇ ਜ਼ਿਲ੍ਹੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ।ਇਸ ਨਾਲ ਜਿੱਥੇ ਬਾਕੀ ਸਕੂਲਾਂ ਦੇ ਵਿਦਿਆਰਥੀ ਉਤਸਾਹਿਤ ਹੋਣਗੇ,ਉੱਥੇ ਆਉਣ ਵਾਲੇ ਸਮੇਂ ਵਿੱਚ ਹੋਰ ਮੁਕਾਬਲਿਆਂ ਵਿੱਚ ਜਿੱਤਣ ਦੀ ਆਸ ਵੀ ਵਧੇਗੀ।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਗੁਰਬਚਨ ਸਿੰਘ ਨੇ ਵੀ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ, ਗਾਈਡ ਅਧਿਆਪਕਾ ਨਵਪ੍ਰੀਤ ਕੌਰ ਅਤੇ ਸੰਚਾਲਕ ਜ਼ਿਲ੍ਹਾ ਅਕਾਦਮਿਕ ਕੋਆਰਡੀਨੇਟਰ ਕਸ਼ਮੀਰ ਸਿੰਘ ਚੋਹਲਾ ਸਾਹਿਬ ਨੂੰ ਇਸ ਜਿੱਤ ਸਬੰਧੀ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ ਹਨ।ਇਸ ਵੱਡੀ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਤੇ ਲੈਕਚਰਾਰ ਸੁਖਦੀਪ ਕੌਰ ਨੇ ਵਿਦਿਆਰਥਣਾਂ ਤੇ ਗਾਈਡ ਟੀਚਰ ਨੂੰ ਮੁਬਾਰਕਾਂ ਦਿੰਦਿਆਂ ਨੈਸ਼ਨਲ ਪੱਧਰੀ ਮੁਕਾਬਲਿਆ ਲਈ ਸੁਭ ਇੱਛਾਵਾਂ ਦਿੱਤੀਆਂ।ਇਹਨਾਂ ਮੁਕਾਬਲਿਆਂ ਦਾ ਜਿਲ਼ਾ ਪੱਧਰ ‘ਤੇ ਪ੍ਰਬੰਧ ਤੇ ਸੰਚਾਲਨ ਜਿਲਾ ਅਕਾਦਮਿਕ ਕੋਆਰਡੀਨੇਟਰ ਕਸ਼ਮੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ)ਚੋਹਲਾ ਸਾਹਿਬ ਵੱਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ ਗਿਆ ਹੈ।ਇੱਥੇ ਇਹ ਵਰਣਨਯੋਗ ਹੈ ਕਿ ਇਹਨਾ ਮੁਕਾਬਲਿਆਂ ਵਿੱਚ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਹਰ ਦੋ ਸਾਲ ਲਈ ਇਕ ਥੀਮ ਜਾਰੀ ਕੀਤਾ ਜਾਂਦਾ ਹੈ ਤੇ ਵੱਖ ਵੱਖ ਸਕੂਲਾਂ ਦੇ 10 ਤੋਂ 17 ਸਾਲ ਦੀ ਉਮਰ ਦੇ ਬਾਲ ਵਿਗਿਆਨੀਆਂ ਵਲੋਂ ਦੋ ਤੋਂ ਤਿੰਨ ਮਹੀਨਿਆਂ ਦੇ ਖੋਜ ਕਾਰਜ ਕਰਨ ਉਪਰੰਤ ਆਪਣੇ ਪਰੋਜੈਕਟ ਪੇਸ਼ ਕੀਤੇ ਜਾਂਦੇ ਹਨ।ਇਸ ਸਕੂਲ ਦੀਆਂ ਇਹਨਾ ਦੋ ਵਿਦਿਆਰਥਣਾਂ ਵੱਲੋਂ ਬਾਇਓ ਐਨਜਾਈਮ ਵਿਸ਼ੇ ‘ਤੇ ਆਪਣੀ ਖੋਜ ਕਰਕੇ ਜਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਸਬਮਿਟ ਕੀਤੀ ਸੀ ਜੋ ਅੱਗੇ ਸਟੇਟ ਪੱਧਰ ਤੋਂ ਜੇਤੂ ਹੁੰਦੀ ਹੋਈ ਨੈਸ਼ਨਲ ਪੱਧਰ ‘ਤੇ ਪਹੁੰਚਣ ਵਿੱਚ ਸਫਲ ਹੋਏ ਹਨ।