ਚੋਹਲਾ ਸਾਹਿਬ/ਤਰਨਤਾਰਨ,7 ਦਸੰਬਰ (ਰਾਕੇਸ਼ ਨਈਅਰ) : ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ‘ਮੋਤੀਆਂ ਵਰਗੇ ਅੱਖਰ ਸਿੱਖੋ’ ਮਿਸ਼ਨ ਤਹਿਤ ਪੰਜਾਬੀ ਮਾਂ ਬੋਲੀ ਦੀ ਸੁੰਦਰ ਲਿਖਾਈ ਸਬੰਧੀ ਚਾਰ ਰੋਜ਼ਾ ਵਰਕਸ਼ਾਪ ਲਗਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਖਹਿਰਾ ਨੇ ਦੱਸਿਆ ਕਿ ਇਲਾਕੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚੋਂ ਸੁੰਦਰ ਲਿਖਾਈ ਲਿਖਣ ਦੇ ਖੇਤਰ ਵਿੱਚ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੀ ਇੱਕ ਖਾਸ ਪਹਿਚਾਣ ਬਣੀ ਹੋਈ ਹੈ ਅਤੇ ਇਸ ਕਲਾ ਨੂੰ ਵਿਕਸਤ ਕਰਨ ਲਈ ਸਮੇਂ-ਸਮੇਂ ਖਾਸ ਉਪਰਾਲੇ ਕੀਤੇ ਜਾਂਦੇ ਹਨ,ਜਿੰਨਾਂ ਤਹਿਤ ਹੀ ਸਕੂਲ ਵਿਖੇ ਚਾਰ ਰੋਜ਼ਾ ਵਰਕਸ਼ਾਪ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ ਚੋਹਲਾ ਸਾਹਿਬ ਨੇ ਅੱਖਰਾਂ ਦੀ ਸੁੰਦਰਤਾ ਸਬੰਧੀ ਖਾਸ ਗੁਰ ਸਾਂਝੇ ਕੀਤੇ।
ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ਲਗਾਈ ਵਰਕਸ਼ਾਪ ਦੌਰਾਨ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਸੁੰਦਰ ਲਿਖਤ ਦਾ ਅਭਿਆਸ ਕਰਵਾਉਂਦੇ ਹੋਏ।
ਵਰਕਸ਼ਾਪ ਦੇ ਆਖਿਰ ‘ਚ ਸਿਖਿਆਰਥੀਆਂ ਦੀ ਪ੍ਰੀਖਿਆ ਲਈ ਗਈ,ਜਿਸ ਵਿੱਚ ਉਹਨਾਂ ਦੀ ਕਾਰਗੁਜਾਰੀ ਬਹੁਤ ਤਸੱਲੀਬਖਸ਼ ਪਾਈ ਗਈ।ਸਭ ਸਿਖਿਆਰਥੀ ਅਧਿਆਪਕਾਵਾਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਪ੍ਰਗਟ ਕੀਤਾ ਅਤੇ ਅਹਿਦ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਇਸ ਕਲਾ ਵਿੱਚ ਨਿਪੁੰਨ ਕਰਨ ਲਈ ਪੂਰਾ ਯਤਨ ਕਰਨਗੇ।ਇਸ ਵਰਕਸ਼ਾਪ ਵਿੱਚ ਹੋਰਨਾਂ ਤੋਂ ਇਲਾਵਾ ਮੈਡਮ ਸੰਦੀਪ ਕੌਰ,ਮੈਡਮ ਰਵਿੰਦਰ ਕੌਰ,ਮੈਡਮ ਗਗਨਦੀਪ ਕੌਰ,ਮੈਡਮ ਗੁਰਪ੍ਰੀਤ ਕੌਰ,ਮੈਡਮ ਪ੍ਰਦੀਪ ਕੌਰ,ਮੈਡਮ ਸਿਮਰਜੀਤ ਕੌਰ,ਮੈਡਮ ਰੁਪਿੰਦਰ ਕੌਰ ਨੇ ਹਿੱਸਾ ਲਿਆ।ਸਕੂਲ ਦੇ ਪ੍ਰਬੰਧਕ ਤਰਲੋਚਨ ਸਿੰਘ ਸਾਬਕਾ ਡੀ.ਆਰ ਅਤੇ ਮਾਸਟਰ ਬਲਬੀਰ ਸਿੰਘ ਸੰਧੂ ਨੇ ਸਕੂਲ ਵਿਖੇ ਸੁੰਦਰ ਲਿਖਤ ਸੁਧਾਰਨ ਲਈ ਲਗਾਈ ਗਈ ਵਰਕਸ਼ਾਪ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ ਤਾਂ ਜ਼ੋ ਮਾਂ ਬੋਲੀ ਪੰਜਾਬੀ ਦੀ ਸਾਂਝ ਬੱਚਿਆਂ ਨਾਲ ਪਾਈ ਜਾ ਸਕੇ।