ਜੰਡਿਆਲਾ ਗੁਰੂ, 06 ਜਨਵਰੀ (ਕੰਵਲਜੀਤ ਸਿੰਘ ਲਾਡੀ) : ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਪੰਜਾਬ ਵਲੋਂ ਅੱਜ ਅੰਮ੍ਰਿਤਸਰ ਪਠਾਨਕੋਟ ਜੀ.ਟੀ ਰੋਡ ਤੇ ਸਥਿਤ ਟੋਲ ਪਲਾਜ਼ਾ ਕੱਥੂਨੰਗਲ ਨੂੰ ਅੱਜ ਫਿਰ 12 ਤੋ 5 ਵਜੇ ਤੱਕ ਲਈ ਬੰਦ ਕਰ ਦਿੱਤਾ ਗਿਆ । ਜਿਕਰਯੋਗ ਹੈ ਕਿ ਸਿਹਤ ਵਿਭਾਗ ਵਿਚ ਠੇਕੇ ਤੇ ਕੰਮ ਕਰਦੀਆਂ ਇੰਨਾ ਸਿਹਤ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ਾ ਉਪਰ ਪੱਕਾ ਧਰਨਾ ਲਾਇਆ ਹੈ । ਪੰਜਾਬ ਸਰਕਾਰ ਵਲੋਂ ਇੰਨਾ ਇਸਤਰੀ ਮੁਲਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋ ਇੰਨਾ ਵਲੋਂ ਅੱਜ ਫਿਰ ਤੋਂ ਟੋਲ ਪਲਾਜ਼ਾ ਦੋਵਾਂ ਪਾਸਿਓਂ ਤੋਂ ਮੁਕੰਮਲ ਤੌਰ ਤੇ ਜਾਮ ਕਰ ਦਿੱਤਾ ਗਿਆ । ਟੋਲ ਪਲਾਜ਼ਾ ਜਾਮ ਹੋਣ ਕਾਰਨ ਰਾਹਗੀਰ ਖੱਜਲ ਖੁਆਰ ਹੁੰਦੇ ਰਹੇ ਤੇ ਲਿੰਕ ਸੜਕਾਂ ਤੇ ਵਾਹਨਾਂ ਦੇ ਭਾਰੀ ਜਾਮ ਲੱਗ ਗਏ ।
ਇਸ ਮੌਕੇ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਦੇ ਭਰੋਸੇ ਤੋਂ ਬਾਅਦ ਉਹਨਾਂ ਵਲੋਂ ਟੋਲ ਪਲਾਜ਼ਾ ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਸੀ। ਪ੍ਰੰਤੂ ਸਰਕਾਰ ਵਲੋਂ ਉਹਨਾਂ ਨੂੰ ਰੈਗੂਲਰ ਕਰਨ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸਦੇ ਸਿੱਟੇ ਵਜੋ ਉਹਨਾਂ ਵਲੋਂ ਇਕ ਵਾਰ ਫਿਰ ਅੱਜ ਟੋਲ ਪਲਾਜ਼ਾ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਵੀ ਜੇਕਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਚੋਣ ਜਾਬਤਾ ਲੱਗਣ ਦੀ ਸੂਰਤ ਵਿਚ ਵੀ ਮੰਤਰੀਆਂ ਦੇ ਹਲਕਿਆਂ ਵਿਚ ਸਰਕਾਰ ਖ਼ਿਲਾਫ਼ ਪ੍ਰਚਾਰ ਕੀਤਾ ਜਾਵੇਗਾ । ਇਸ ਮੌਕੇ ਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਤੋਂ ਇਲਾਵਾ ਯੂਨੀਅਨ ਮੈਂਬਰ ਹਾਜਰ ਸਨ ।