ਲੁਧਿਆਣਾ, 26 ਦਸੰਬਰ (ਬਿਊਰੋ) : ਲੁਧਿਆਣਾ ਅਦਾਲਤ ਵਿਚ ਹੋਏ ਬਲਾਸਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਪੁਲੀਸ ਵੱਲੋਂ ਮੁੱਖ ਆਰੋਪੀ ਗਗਨਦੀਪ ਸਿੰਘ ਦੀ ਗਰਲਫ੍ਰੈਂਡ ਮਹਿਲਾ ਕਾਂਸਟੇਬਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਗਗਨਦੀਪ ਜੋ ਕਿ ਕਿਸੇ ਸਮੇਂ ਪੰਜਾਬ ਪੁਲੀਸ ਦਾ ਕਾਂਸਟੇਬਲ ਰਿਹਾ ਹੈ ਅਤੇ ਥਾਣੇ ਵਿੱਚ ਮੁਨਸ਼ੀ ਦੇ ਤੌਰ ਤੇ ਵੀ ਤਾਇਨਾਤ ਰਿਹਾ ਹੈ, ਉਸ ਵੱਲੋਂ ਹੀ ਲੁਧਿਆਣਾ ਅਦਾਲਤ ਵਿਚ ਬਲਾਸਟ ਕੀਤਾ ਗਿਆ ਸੀ ਅਤੇ ਬਲਾਸਟ ਵਿਚ ਖ਼ੁਦ ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਅੱਜ ਕਮਲਜੀਤ ਕੌਰ ਨਾਮਕ ਪੁਲਿਸ ਕਾਂਸਟੇਬਲ ਜੋ ਕਿ ਗਗਨਦੀਪ ਦੀ ਗਰਲਫ੍ਰੈਂਡ ਦੱਸੀ ਜਾਂਦੀ ਹੈ ਅਤੇ ਖੰਨਾ ਪੁਲੀਸ ਵਿਖੇ ਐਸਪੀ ਹੈੱਡਕੁਆਰਟਰ ਦੀ ਨਾਇਬ ਰੀਡਰ ਵਜੋਂ ਤਾਇਨਾਤ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਲੁਧਿਆਣਾ ਕੋਰਟ ਵਿਚ ਪੇਸ਼ ਕੀਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 2019 ਵਿਚ ਡਰੱਗ ਕੇਸ ਵਿੱਚ ਫਸੇ ਗਗਨਦੀਪ ਸਿੰਘ ਨੂੰ ਪੁਲੀਸ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਆਪਣੀ ਪਤਨੀ ਨਾਲ ਵੀ ਸਬੰਧ ਖਰਾਬ ਹੋ ਗਏ ਤੇ ਉਹ ਕਮਲਜੀਤ ਕੌਰ ਦੇ ਨਾਲ ਹੀ ਰਹਿਣ ਲੱਗ ਪਿਆ ਸੀ। ਕਮਲਜੀਤ ਕੌਰ ਦੇ ਨਾਲ ਉਸ ਦੇ ਕਾਫੀ ਕਰੀਬੀ ਰਿਸ਼ਤੇ ਦੱਸੇ ਜਾਂਦੇ ਹਨ।
ਪੁਲਿਸ ਦਾ ਮੰਨਣਾ ਹੈ ਕਿ ਦੋ ਸਾਲ ਜੇਲ੍ਹ ਵਿੱਚ ਰਹਿਣ ਦੇ ਦੌਰਾਨ ਗਗਨਦੀਪ ਦੇ ਖਾਲਿਸਤਾਨੀ ਸੰਗਠਨਾਂ ਨਾਲ ਰਿਸ਼ਤੇ ਜੁੜੇ ਸਨ। ਹਰਵਿੰਦਰ ਸਿੰਘ ਰਿੰਦਾ ਜੋ ਕਿ ਇਸ ਸਮੇਂ ਪਾਕਿਸਤਾਨ ਵਿੱਚ ਹੈ, ਇਸ ਦੇ ਕੁਝ ਸਾਥੀਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਗਗਨਦੀਪ ਨੂੰ ਇਸ ਬਲਾਸਟ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਸਾਰੇ ਮਾਮਲੇ ਦੀ ਜਾਂਚ ਲਈ ਪੁਲੀਸ ਵੱਲੋਂ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥਕ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਰਣਜੀਤ ਸਿੰਘ ਉਰਫ਼ ਚੀਤਾ ਨੂੰ ਵੀ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਹੈ। ਵੇਖਣਾ ਹੋਵੇਗਾ ਇਸ ਸਾਰੇ ਮਾਮਲੇ ਵਿਚ ਆਖ਼ਿਰ ਪੁਲੀਸ ਕਿਸੇ ਨਤੀਜੇ ‘ਤੇ ਪਹੁੰਚਦੀ ਹੈ ।