ਸੀਸੀਟੀਵੀ ਕੈਮਰੇ ਲਗਾਉਣ ਅਤੇ ਰਾਤ ਨੂੰ ਦੁਕਾਨਾਂ ਅੱਗੇ ਰੌਸ਼ਨੀ ਦਾ ਪ੍ਰਬੰਧ ਕਰਨ ਦੀ ਕੀਤੀ ਅਪੀਲ
ਅਸਲਾਧਾਰਕ ਆਪਣੇ ਹਥਿਆਰ ਜਲਦ ਜਮਾਂ ਕਰਵਾਉਣ-ਥਾਣਾ ਮੁਖੀ
ਚੋਹਲਾ ਸਾਹਿਬ/ਤਰਨਤਾਰਨ,23 ਦਸੰਬਰ (ਰਾਕੇਸ਼ ਨਈਅਰ) : ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਵਲੋਂ ਸਥਾਨਕ ਕਸਬੇ ਦੇ ਦੁਕਾਨਦਾਰਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕਰਕੇ ਪੁਲਿਸ ਪਾਰਟੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।ਵੀਰਵਾਰ ਨੂੰ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਐਸ.ਐਚ.ਓ ਸਬ-ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਨੂੰ ਦੁਕਾਨਾਂ ਬੰਦ ਕਰਨ ਤੋਂ ਬਾਅਦ ਆਪਣੀਆਂ ਦੁਕਾਨਾਂ ਦੇ ਬਾਹਰ ਰੌਸ਼ਨੀ ਦਾ ਪ੍ਰਬੰਧ ਜਰੂਰ ਕਰਕੇ ਜਾਣ ਤਾਂ ਜ਼ੋ ਅੱਜਕਲ੍ਹ ਪੈ ਰਹੀ ਸੰਘਣੀ ਧੁੰਦ ਅਤੇ ਹਨੇਰੇ ਦਾ ਫਾਇਦਾ ਲੈਂਦੇ ਹੋਏ ਚੋਰ ਕਿਸੇ ਦੁਕਾਨਦਾਰ ਦਾ ਕੋਈ ਨੁਕਸਾਨ ਨਾ ਕਰ ਸਕਣ।ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕੀਤੀ ਕਿ ਉਹ ਆਪਸੀ ਤਾਲਮੇਲ ਬਣਾ ਕੇ ਬਜ਼ਾਰਾਂ ਵਿੱਚ ਆਪਣੀਆਂ ਦੁਕਾਨਾਂ ਦੀ ਰਾਖੀ ਲਈ ਸਾਂਝੇ ਚੌਂਕੀਦਾਰਾਂ ਦਾ ਪ੍ਰਬੰਧ ਕਰਨ ਜ਼ੋ ਰਾਤ ਵੇਲੇ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਅ ਸਕਦੇ ਹੋਣ।ਉਨ੍ਹਾਂ ਨੇ ਦੁਕਾਨਦਾਰਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਇਹ ਵੀ ਕਿਹਾ ਕਿ ਬਜ਼ਾਰਾਂ ਵਿੱਚ ਅਤੇ ਪਿੰਡ ਵਿੱਚ ਸੀ.ਸੀ.ਟੀ.ਵੀ ਕੈਮਰੇ ਜ਼ਰੂਰ ਲਗਾਏ ਜਾਣ ਤਾਂ ਜ਼ੋ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਜਾਣ ‘ਤੇ ਜਲਦ ਪਤਾ ਲਗਾਇਆ ਜਾ ਸਕੇ।
ਥਾਣਾ ਮੁਖੀ ਬਲਵਿੰਦਰ ਸਿੰਘ ਨੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਚੋਣ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਹਰਵਿੰਦਰ ਸਿੰਘ ਵਿਰਕ ਦੀਆਂ ਹਦਾਇਤਾਂ ‘ਤੇ ਸਮੂਹ ਲਾਇਸੰਸਸ਼ੁਦਾ ਹਥਿਆਰ ਰੱਖਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਥਿਆਰ ਪੁਲਿਸ ਥਾਣੇ,ਨਜ਼ਦੀਕ ਪੈਂਦੀ ਪੁਲਿਸ ਚੌਂਕੀ ਜਾਂ ਅਧਿਕਾਰਤ ਅਸਲਾ ਡੀਲਰ ਪਾਸ ਜਮ੍ਹਾਂ ਕਰਵਾ ਦੇਣ ਤਾਂ ਜ਼ੋ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ।ਇਸ ਮੌਕੇ ਸਮੂਹ ਦੁਕਾਨਦਾਰਾਂ ਵਲੋਂ ਥਾਣਾ ਮੁਖੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੇ ਵਲੋਂ ਪੁਲਿਸ ਪਾਰਟੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣਗੇ।ਇਸ ਮੌਕੇ ਏ.ਐਸ.ਆਈ ਹਰਦਿਆਲ ਸਿੰਘ,ਚਰਨਜੀਤ ਸਿੰਘ ਹੈੱਡ ਕਾਂਸਟੇਬਲ,ਤਰਸੇਮ ਨਈਅਰ,ਹਰਮੀਤ ਸਿੰਘ ਸੋਨੂੰ ਜੋਗੀ ਕਰਿਆਨਾ ਸਟੋਰ ਵਾਲੇ,ਅਸ਼ਵਨੀ ਕੁਮਾਰ ਆਨੰਦ ਮੈਡੀਕਲ ਸਟੋਰ ਵਾਲੇ,ਹਰਵਿੰਦਰ ਸਿੰਘ ਬੱਬੀ,ਅਮਨ ਕੁਮਾਰ ਨਈਅਰ,ਅਵਤਾਰ ਸਿੰਘ ਮਠਾੜੂ,ਅਜੇਪਾਲ ਸਿੰਘ,ਕੁਲਵੰਤ ਸਿੰਘ ਹਲਵਾਈ,ਰਮੇਸ਼ ਕੁਮਾਰ, ਨਰਿੰਦਰ ਸਿੰਘ ਭੱਪ,ਮਨਪ੍ਰੀਤ ਸਿੰਘ ਜੱਜ ਆਦਿ ਹਾਜ਼ਰ ਸਨ।